July 7, 2024 4:09 pm
Jalandhar

ਜਲੰਧਰ ‘ਚ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਹੋਈ, ਜ਼ਿਲ੍ਹੇ ’ਚ 1641764 ਵੋਟਰ : ਏ ਡੀ ਸੀ

ਜਲੰਧਰ 09 ਨਵੰਬਰ 2022: ਯੋਗਤਾ ਮਿਤੀ 01-01-2023 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਬੁੱਧਵਾਰ ਨੂੰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ।ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ, ਬਿਨਾਂ ਫੋਟੋ ਵਾਲੀ ਵੋਟਰ ਸੂਚੀ ਦੀ ਸੀ.ਡੀ. ਮੌਕੇ ‘ਤੇ ਮੁਹੱਈਆ ਕਰਵਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਵੋਟਰ ਸੂਚੀ ‘ਤੇ ਆਮ ਜਨਤਾ ਅਤੇ ਵੋਟਰਾਂ ਪਾਸੋਂ ਦਾਅਵੇ ਤੇ ਇਤਰਾਜ਼ 8 ਦਸੰਬਰ ਤੱਕ ਪ੍ਰਾਪਤ ਕੀਤੇ ਜਾਣਗੇ।

ਇਸ ਤੋਂ ਇਲਾਵਾ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਤਹਿਤ 19, 20 ਨਵੰਬਰ ਤੇ 3, 4 ਦਸੰਬਰ ਨੂੰ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਵੱਲੋਂ ਆਪੋ-ਆਪਣੇ ਪੋਲਿੰਗ ਬੂਥਾਂ ‘ਤੇ ਹਾਜ਼ਰ ਰਹਿ ਕੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਨੰ. 6, ਐਨ.ਆਰ.ਆਈਜ਼. ਲਈ ਫਾਰਮ ਨੰ. 6ਏ, ਵੋਟ ਕਟਵਾਉਣ ਲਈ ਫਾਰਮ ਨੰ. 7, ਵੇਰਵਿਆਂ ਦੀ ਸੋਧ ਅਤੇ ਵੋਟ ਸ਼ਿਫਟ ਕਰਵਾਉਣ ਲਈ ਫਾਰਮ ਨੰ. 8 ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 26 ਦਸੰਬਰ ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2023 ਨੂੰ ਹੋਵੇਗੀ।

ਬਾਜਵਾ ਨੇ ਅੱਗੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਨਿਯਮ 1960 ਵਿੱਚ ਕੀਤੀ ਗਈ ਸੋਧ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਹੁਣ ਕੋਈ ਵੀ ਯੋਗ ਨਾਗਰਿਕ, ਜੋ ਸਾਲ 2023 ਵਿੱਚ ਆਉਣ ਵਾਲੀਆਂ ਸਾਰੀਆਂ ਯੋਗਤਾ ਮਿਤੀਆਂ ਭਾਵ 1 ਅਪ੍ਰੈਲ 2023, 1 ਜੁਲਾਈ 2023 ਜਾਂ 1 ਅਕਤੂਬਰ 2023 ਵਿੱਚੋਂ ਕਿਸੇ ਨੂੰ ਵੀ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹੈ, ਸੂਚਨਾ ਦੀ ਮਿਤੀ ਤੋਂ ਅਗਾਊਂ ਹੀ ਫਾਰਮ ਨੰ. 6 ਰਾਹੀਂ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਨ ਲਈ ਦਾਅਵਾ ਕਰ ਸਕਦਾ ਹੈ। ਇਸ ਦਾਅਵੇ ’ਤੇ ਸਬੰਧਤ ਯੋਗਤਾ ਮਿਤੀ ਦੇ ਹਵਾਲੇ ਵਿੱਚ ਸਬੰਧਤ ਤਿਮਾਹੀ ਵਿੱਚ ਵਿਚਾਰ ਅਤੇ ਫੈਸਲਾ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਵੋਟਰ ਸੂਚੀ ਮੁੱਖ ਚੋਣ ਅਫ਼ਸਰ, ਪੰਜਾਬ ਦੀ ਆਫੀਸ਼ੀਅਲ ਵੈੱਬਸਾਈਟ www.ceopunjab.nic.in ਅਤੇ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ www.eci.nic.in ‘ਤੇ ਆਨਲਾਈਨ ਦੇਖੀ ਜਾ ਸਕਦੀ ਹੈ। ਇਸ ਵਿੱਚ ਵੇਰਵਿਆਂ ਦੀ ਖੋਜ ਸੁਵਿਧਾ ਉਪਲਬਧ ਹੈ ਅਤੇ ਫਾਰਮ ਨੰ. 6,6 ਏ, 7,8 ਡਾਊਨਲੋਡ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ www.nvsp.in ਜਾਂ Voter Helpline mobile app ‘ਤੇ ਇਹ ਫਾਰਮ ਆਨਲਾਈਨ ਵੀ ਭਰੇ ਜਾ ਸਕਦੇ ਹਨ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਡ੍ਰਾਫਟ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 1641764 ਵੋਟਰ ਹਨ, ਜਿਨ੍ਹਾਂ ਵਿੱਚ 854646 ਪੁਰਸ਼, 787085 ਮਹਿਲਾ ਅਤੇ 33 ਤੀਜਾ ਲਿੰਗ ਵੋਟਰ ਸ਼ਾਮਿਲ ਹਨ। ਉਨ੍ਹਾਂ ਵਿਧਾਨ ਸਭਾ ਹਲਕਾਵਾਰ ਵੋਟਰਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ 30-ਫਿਲੌਰ ਵਿਖੇ ਕੁੱਲ ਵੋਟਰ 202217, ਪੁਰਸ਼ 105173, ਮਹਿਲਾ 97040, ਤੀਜਾ ਲਿੰਗ 4, ਹਲਕਾ 31 ਨਕੋਦਰ ਵਿਖੇ ਕੁੱਲ ਵੋਟਰ 191544, ਪੁਰਸ਼ 99504, ਮਹਿਲਾ 92037, ਤੀਜਾ ਲਿੰਗ 3, ਹਲਕਾ 32-ਸ਼ਾਹਕੋਟ ਕੁੱਲ ਵੋਟਰ 180845, ਪੁਰਸ਼ 93185, ਮਹਿਲਾ 87658, ਤੀਜਾ ਲਿੰਗ 2, ਹਲਕਾ 33-ਕਰਤਾਰਪੁਰ ਵਿਖੇ ਕੁੱਲ ਵੋਟਰ 181574 , ਪੁਰਸ਼ 94801, ਮਹਿਲਾ 86770, ਤੀਜਾ ਲਿੰਗ 3, ਹਲਕਾ-34 ਜਲੰਧਰ ਪੱਛਮੀ ਕੁੱਲ ਵੋਟਰ 166417, ਪੁਰਸ਼ 87114, ਮਹਿਲਾ 79298, ਤੀਜਾ ਲਿੰਗ 5, ਹਲਕਾ 35-ਜਲੰਧਰ ਕੇਂਦਰੀ ਕੁੱਲ ਵੋਟਰ 173425, ਪੁਰਸ਼ 89727, ਮਹਿਲਾ 83693, ਤੀਜਾ ਲਿੰਗ 5, ਹਲਕਾ-36 ਜਲੰਧਰ ਉਤਰੀ ਕੁੱਲ ਵੋਟਰ 189325, ਪੁਰਸ਼ 99482, ਮਹਿਲਾ 89841, ਤੀਜਾ ਲਿੰਗ 2, ਹਲਕਾ-37 ਜਲੰਧਰ ਕੈਂਟ ਕੁੱਲ ਵੋਟਰ 190472, ਪੁਰਸ਼ 99322, ਮਹਿਲਾ 91145, ਤੀਜਾ ਲਿੰਗ 5 ਅਤੇ ਹਲਕਾ 38 ਆਦਮਪੁਰ ਕੁੱਲ ਵੋਟਰ 165945, ਪੁਰਸ਼ 86338, ਮਹਿਲਾ 79603, ਤੀਜਾ ਲਿੰਗ 4 ਵੋਟਰ ਹਨ।

ਉਨ੍ਹਾਂ ਦੱਸਿਆ ਕਿ ਆਮ ਜਨਤਾ ਦੀ ਸਹਾਇਤਾ ਲਈ ਜ਼ਿਲ੍ਹਾ ਵੋਟਰ ਹੈਲਪਲਾਈਨ ਨੰ. 1950 (ਟੋਲ ਫ੍ਰੀ) ਚਲਾਈ ਜਾ ਰਹੀ ਹੈ। ਇਸ ਵੋਟਰ ਹੈਲਪਲਾਈਨ ਨੰਬਰ ਰਾਹੀਂ ਕਿਸੇ ਵੀ ਵਿਅਕਤੀ/ਵੋਟਰ ਵੱਲੋਂ ਵੋਟਰ ਸੂਚੀ/ਚੋਣ ਨਾਲ ਸਬੰਧਤ ਜਾਣਕਾਰੀ/ਫੀਡਬੈਕ/ਸੁਝਾਅ/ਸ਼ਿਕਾਇਤ ਸਬੰਧੀ ਦਫ਼ਤਰੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਿਧਾਨ ਸਭਾ ਚੋਣ ਹਲਕੇ ਵਿੱਚ ਬੂਥ ਲੈਵਲ ਏਜੰਟ (ਬੀਐਲਏ) ਨਿਯੁਕਤ ਕਰਨ ਅਤੇ ਵਿਸ਼ੇਸ਼ ਮੁਹਿੰਮ ਦੀਆਂ ਮਿਤੀਆਂ ਨੂੰ ਪੋਲਿੰਗ ਸਟੇਸ਼ਨਾਂ ਵਿਖੇ ਦਾਅਵੇ/ਇਤਰਾਜ਼ਾਂ ਦੀ ਪ੍ਰਾਪਤੀ ਦੌਰਾਨ ਬੀ.ਐਲ.ਓਜ਼ ਦੇ ਨਾਲ ਬੀਐਲਏ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।

11,97,174 ਵੋਟਰ ਕਾਰਡ ਆਧਾਰ ਕਾਰਡ ਨਾਲ ਕੀਤੇ ਲਿੰਕ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਲਈ ਚਲਾਈ ਜਾ ਰਹੀ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 11,97,174 ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਵੱਲੋਂ ਫਾਰਮ-6 ਬੀ ਵਿੱਚ ਆਧਾਰ ਡਾਟਾ ਇਕੱਤਰ ਕਰਨ ਲਈ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਵਿਖੇ ਹਰੇਕ ਮਹੀਨੇ ਦੇ ਇਕ ਐਤਵਾਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ|

ਜਿਸ ਤਹਿਤ ਅਗਲੇ ਕੈਂਪ 20 ਨਵੰਬਰ, 4 ਦਸੰਬਰ, 8 ਜਨਵਰੀ 2023, 5 ਫਰਵਰੀ 2023 ਅਤੇ 5 ਮਾਰਚ 2023 ਨੂੰ ਜਾਣਗੇ। ਉਨ੍ਹਾਂ ਦੱਸਿਆ ਕਿ ਨਵੇਂ ਵੋਟਰ ਆਪਣੀ ਰਜਿਸਟ੍ਰੇਸ਼ਨ ਸਮੇਂ ਫਾਰਮ 6 ਵਿੱਚ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਆਧਾਰ ਕਾਰਡ ਦੀ ਜਾਣਕਾਰੀ ਸਾਂਝੀ ਕਰਨਾ ਵੋਟਰ ਦੀ ਸਵੈ-ਇੱਛਾ ’ਤੇ ਨਿਰਭਰ ਹੈ। ਜੇਕਰ ਕਿਸੇ ਵੋਟਰ ਕੋਲ ਆਧਾਰ ਕਾਰਡ ਨਹੀਂ ਹੈ ਜਾਂ ਉਹ ਆਪਣਾ ਆਧਾਰ ਕਾਰਡ ਨੰਬਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਉਹ ਫਾਰਮ-6 ਬੀ ਵਿੱਚ ਅੰਕਿਤ 11 ਹੋਰ ਦਸਤਾਵੇਜ਼ਾਂ ਵਿੱਚੋਂ ਇਕ ਸਵੈ ਤਸਦੀਕੀ ਦਸਤਾਵੇਜ਼ ਆਪਣੀ ਵੋਟ ਦੀ ਪ੍ਰਮਾਣਿਕਤਾ ਲਈ ਜਮ੍ਹਾ ਕਰਵਾ ਸਕਦਾ ਹੈ।