rohit sharma

ਨਿਊਜ਼ੀਲੈਂਡ ਖਿਲਾਫ ਭਾਰਤ ਦੀ ਸ਼ਾਨਦਾਰ ਜਿੱਤ, ਸੀਰੀਜ਼ ‘ਤੇ ਕੀਤਾ ਕਬਜ਼ਾ

ਚੰਡੀਗੜ੍ਹ 20 ਨਵੰਬਰ 2021 : ਭਾਰਤ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕੇ. ਐੱਲ. ਰਾਹੁਲ (65) ਤੇ ਕਪਤਾਨ ਰੋਹਿਤ ਸ਼ਰਮਾ (55) ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਸ਼ੁੱਕਰਵਾਰ ਨੂੰ ਇੱਥੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ ਜੈਪੁਰ ਵਿਚ ਪਹਿਲੇ ਟੀ-20 ‘ਚ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਦਾਨ ‘ਤੇ ਤਰੇਲ ਡਿੱਗ ਚੁੱਕੀ ਸੀ ਪਰ ਇਸਦੇ ਬਾਵਜੂਦ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਜਿਸ ਨਾਲ ਨਿਊਜ਼ੀਲੈਂਡ ਦੀ ਟੀਮ 6 ਵਿਕਟਾਂ ‘ਤੇ 153 ਦੌੜਾਂ ਹੀ ਬਣਾ ਸਕੀ।

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 17.2 ਓਵਰਾਂ ਵਿਚ ਤਿੰਨ ਵਿਕਟਾਂ ‘ਤੇ 155 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਜਿੱਥ ਵਿਚ ਟ੍ਰੇਂਟ ਬੋਲਟ ਦੇ 10ਵੇਂ ਓਵਰ ਵਿਚ ਰੋਹਿਤ ਨੂੰ ਜੀਵਨਦਾਨ ਦੇਣ ਦਾ ਵੀ ਅਹਿਮ ਯੋਗਦਾਨ ਰਿਹਾ। ਰਿਸ਼ਭ ਪੰਤ (6 ਗੇਂਦਾਂ ਵਿਚ ਅਜੇਤੂ 12 ਦੌੜਾਂ) ਨੇ 18ਵੇਂ ਓਵਰ ਵਿਚ ਲਗਾਤਾਰ 2 ਛੱਖੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਵੇਂਕਟੇਸ਼ ਅਈਅਰ ਵੀ 12 ਦੌੜਾਂ (11 ਗੇਂਦਾਂ, 2 ਚੌਕੇ) ਬਣਾ ਕੇ ਅਜੇਤੂ ਰਹੇ। ਭਾਰਤ ਦੀਆਂ ਤਿੰਨ ਵਿਕਟਾਂ ਨਿਊਜ਼ੀਲੈਂਡ ਦੇ ਕਪਤਾਨ ਟਿਮ ਸਾਊਦੀ (ਚਾਰ ਓਵਰਾਂ ਵਿਚ 16 ਦੌੜਾਂ) ਨੇ ਝਟਕੀਆਂ।

ਰਾਹੁਲ (49 ਗੇਂਦਾਂ ਵਿਚ 6 ਚੌਕੇ ਤੇ 2 ਛੱਕੇ) ਤੇ ਰੋਹਿਤ (36 ਗੇਂਦਾਂ ਵਿਚ ਇਕ ਚੌਕਾ ਤੇ ਪੰਜ ਛੱਕੇ) ਨੇ ਪਹਿਲੇ ਵਿਕਟ ਦੇ ਲਈ 80 ਗੇਂਦਾਂ ਵਿਚ 117 ਦੌੜਾਂ ਦੀ ਚੰਗੀ ਸ਼ੁਰੂਆਤ ਕੀਤੀ। 10 ਓਵਰਾਂ ਵਿਚ ਟੀਮ ਦਾ ਸਕੋਰ 79 ਦੌੜਾਂ ਸੀ। ਇਸ ਤੋਂ ਬਾਅਦ ਰਾਹੁਲ ਨੇ 40 ਗੇਂਦਾਂ ਵਿਚ ਚਾਰ ਚੌਕੇ ਤੇ 2 ਛੱਕਿਆਂ ਨਾਲ ਆਪਣਾ ਅਰਧ ਸੈਕੜਾ ਪੂਰਾ ਕੀਤਾ। ਫਿਰ ਦੋਵਾਂ ਦੇ ਵਿਚ ਪਹਿਲੇ ਵਿਕਟ ਦੇ ਲਈ 70 ਗੇਂਦਾਂ ਵਿਚ 100 ਦੌੜਾਂ ਦੀ ਸਾਂਝੇਦਾਰੀ ਵੀ ਪੂਰੀ ਹੋਈ। ਨਿਊਜ਼ੀਲੈਂਡ ਨੇ ਤੇਜ਼ ਸ਼ੁਰੂਆਤ ਕੀਤੀ ਤੇ 6 ਓਵਰਾਂ ਦੇ ਪਾਵਰ ਪਲੇਅ ਵਿਚ 64 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਭਾਰਤ ਦੇ ਦੋਵੇਂ ਸਪਿਨਰਾਂ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਲੈੱਫਟ ਆਰਮ ਸਪਿਨਰ ਅਕਸ਼ਰ ਪਟੇਲ ਨੇ ਮੱਧ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕੀਵੀ ਬੱਲੇਬਾਜ਼ਾਂ ‘ਤੇ ਲਗਾਮ ਕੱਸ ਦਿੱਤੀ। ਪਟੇਲ ਨੇ ਚਾਰ ਓਵਰਾਂ ਵਿਚ 26 ਦੌੜਾਂ ‘ਤੇ ਮਾਰਕ ਚੈਪਮੈਨ ਦਾ ਵਿਕਟ ਹਾਸਲ ਕੀਤਾ। ਚੈਪਮੈਨ ਨੇ 17 ਗੇਂਦਾਂ ‘ਤੇ ਤਿੰਨ ਚੌਕਿਆਂ ਦੀ ਮਦਦ ਨਾਲ 21 ਦੌੜਾਂ ਬਣਾਈਆਂ। ਭਾਰਤ ਨੇ ਇਸ ਮੁਕਾਬਲੇ ਵਿਚ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਰਸ਼ਲ ਪਟੇਲ ਨੂੰ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਦਾ ਮੌਕਾ ਦਿੱਤਾ। ਪਟੇਲ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ ਡੇਰਿਲ ਮਿਸ਼ੇਲ ਤੇ ਗਲੇਨ ਫਿਲਿਪਸ ਦੇ ਵਿਕਟ ਹਾਸਲ ਕੀਤੇ। ਪਟੇਲ ਨੇ ਚਾਰ ਓਵਰਾਂ ਵਿਚ 25 ਦੌੜਾਂ ‘ਤੇ 2 ਵਿਕਟਾਂ ਹਾਸਲ ਕੀਤੀਆਂ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ 15 ਗੇਂਦਾਂ ਵਿਚ 2 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਦੀਪਕ ਚਾਹਰ ਦਾ ਸ਼ਿਕਾਰ ਬਣੇ।

Scroll to Top