ਚੰਡੀਗੜ, 17 ਫਰਵਰੀ 2024: ਭਾਰਤ ਦੀਆਂ ਧੀਆਂ ਨੇ ਇਤਿਹਾਸ ਰਚਿਆ ਹੈ। ਬੀਬੀਆਂ ਦੀ ਭਾਰਤੀ ਟੀਮ ਨੇ ਬੈਡਮਿੰਟਨ (Badminton) ਏਸ਼ੀਆ ਟੀਮ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ ਹੈ। ਨੌਜਵਾਨ ਅਨਮੋਲ ਖਰਬ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਭਾਰਤ ਨੇ ਰੋਮਾਂਚਕ ਫਾਈਨਲ ਵਿੱਚ ਥਾਈਲੈਂਡ ਨੂੰ 3-2 ਨਾਲ ਹਰਾ ਕੇ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ। ਪੀਵੀ ਸਿੰਧੂ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਨੌਜਵਾਨ ਅਤੇ ਗਤੀਸ਼ੀਲ ਗਰੁੱਪ ਨੇ ਥਾਈਲੈਂਡ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਅਤੇ ਦੋ ਵਾਰ ਦੀ ਕਾਂਸੀ ਤਮਗਾ ਜੇਤੂ ਥਾਈਲੈਂਡ ਵਿਰੁੱਧ ਜਿੱਤ ਦਰਜ ਕੀਤੀ।
ਮੁਕਾਬਲੇ (Badminton) ਦੀਆਂ ਜ਼ਿਆਦਾਤਰ ਟੀਮਾਂ ਵਾਂਗ, ਥਾਈਲੈਂਡ ਪੂਰੀ ਤਾਕਤ ਨਾਲ ਨਹੀਂ ਖੇਡ ਰਿਹਾ ਸੀ। ਚਾਰ ਮਹੀਨੇ ਬਾਅਦ ਐਕਸ਼ਨ ‘ਚ ਵਾਪਸੀ ਕਰਨ ਵਾਲੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਪਹਿਲੇ ਮੈਚ ‘ਚ ਦੁਨੀਆ ਦੀ 17ਵੇਂ ਨੰਬਰ ਦੀ ਖਿਡਾਰਨ ਸੁਪਾਨਿਦਾ ਨੂੰ 21-12, 21-12 ਨਾਲ ਹਰਾਇਆ। ਉਸ ਨੇ ਪਹਿਲਾ ਸਿੰਗਲ ਮੈਚ ਜਿੱਤ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ।