ਚੰਡੀਗੜ੍ਹ, 29 ਮਈ 2024: ਟੀ-20 ਵਿਸ਼ਵ ਕੱਪ 2 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਟੀਮ (Indian team) ਨੇ 5 ਜੂਨ ਨੂੰ ਆਇਰਲੈਂਡ ਖ਼ਿਲਾਫ਼ ਹੋਣ ਵਾਲੇ ਪਹਿਲੇ ਮੈਚ ਤੋਂ ਪਹਿਲਾਂ ਨਿਊਯਾਰਕ ‘ਚ ਅਭਿਆਸ ਸ਼ੁਰੂ ਕਰ ਦਿੱਤਾ ਹੈ। ਵੈਸਟਇੰਡੀਜ਼ ਅਤੇ ਅਮਰੀਕਾ ਦੀ ਸਾਂਝੀ ਮੇਜ਼ਬਾਨੀ ਵਾਲੇ ਇਸ ਵਿਸ਼ਵ ਕੱਪ ਦਾ ਫਾਈਨਲ 29 ਜੂਨ ਨੂੰ ਖੇਡਿਆ ਜਾਵੇਗਾ।
ਮੈਨ ਇਨ ਬਲੂ ਟੀਮ 1 ਜੂਨ ਨੂੰ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਬੰਗਲਾਦੇਸ਼ ਦੇ ਖ਼ਿਲਾਫ਼ ਆਪਣਾ ਇਕਲੌਤਾ ਅਭਿਆਸ ਮੈਚ ਖੇਡੇਗੀ। ਇਸ ਦੌਰਾਨ ਨਤਾਸ਼ਾ ਸਟੈਨਕੋਵਿਚ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਭਾਰਤੀ ਟੀਮ (Indian team) ਦੇ ਉਪ ਕਪਤਾਨ ਹਾਰਦਿਕ ਪੰਡਯਾ ਵੀ ਨਿਊਯਾਰਕ ਪਹੁੰਚ ਗਏ ਹਨ।
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਨੇ ਇੰਸਟਾਗ੍ਰਾਮ ‘ਤੇ ਅਭਿਆਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬੁਮਰਾਹ ਦੁਆਰਾ ਸ਼ੇਅਰ ਕੀਤੀ ਗਈ ਪੋਸਟ ‘ਚ ਬੁਮਰਾਹ ਖੁਦ, ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਆਲਰਾਊਂਡਰ ਅਕਸ਼ਰ ਪਟੇਲ, ਰਵਿੰਦਰ ਜਡੇਜਾ, ਸ਼ਿਵਮ ਦੁਬੇ ਅਤੇ ਟੀ-20 ‘ਚ ਨੰਬਰ ਇਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨਜ਼ਰ ਆ ਰਹੇ ਹਨ।
ਹਾਰਦਿਕ ਦੁਆਰਾ ਸ਼ੇਅਰ ਕੀਤੀ ਗਈ ਪੋਸਟ ਵਿੱਚ ਹਾਰਦਿਕ ਤੋਂ ਇਲਾਵਾ ਸ਼ੁਭਮਨ ਗਿੱਲ, ਦੁਬੇ, ਦ੍ਰਾਵਿੜ ਅਤੇ ਅਕਸ਼ਰ ਨਜ਼ਰ ਆ ਰਹੇ ਹਨ। ਬੁਮਰਾਹ ਅਤੇ ਹਾਰਦਿਕ ਦੋਵਾਂ ਦੀ ਫਾਰਮ ਇਹ ਤੈਅ ਕਰੇਗੀ ਕਿ ਮੇਨ ਇਨ ਬਲੂ ਉਨ੍ਹਾਂ ਦੀ ਮੁਹਿੰਮ ਵਿੱਚ ਕਿੰਨੀ ਦੂਰ ਤੱਕ ਜਾਵੇਗੀ।