July 7, 2024 3:30 pm
ਭਾਰਤ ਸਰਕਾਰ

ਭਾਰਤ ਸਰਕਾਰ ਨੇ 27 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਦਿੱਤੀ ਇਜਾਜ਼ਤ

ਚੰਡੀਗੜ੍ਹ 08 ਮਾਰਚ 2022: ਭਾਰਤ ਸਰਕਾਰ ਨੇ 27 ਮਾਰਚ ਤੋਂ ਦੇਸ਼ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਅੰਤਰਰਾਸ਼ਟਰੀ ਉਡਾਣਾਂ ਵਿਦੇਸ਼ੀ ਉਡਾਣਾਂ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਹੀ ਚੱਲਣਗੀਆਂ। ਇਸ ਸਬੰਧੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ‘ਚ ਕਿਹਾ ਗਿਆ ਹੈ ਕਿ ਸਾਰੀਆਂ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਦੇ ਸੰਚਾਲਨ ਨੂੰ 23 ਮਾਰਚ 2020 ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਇਸ ਸੰਬੰਧ ‘ਚ ਡੀਜੀਸੀਏ ਨੇ ਕਿਹਾ ਹੈ ਕਿ ਦੁਨੀਆ ਭਰ ‘ਚ ਕੋਵਿਡ -19 ਦੇ ਵਿਰੁੱਧ ਵੱਧ ਰਹੇ ਟੀਕੇ ਦੇ ਮੱਦੇਨਜ਼ਰ ਅਤੇ ਸਾਰੇ ਸਬੰਧਤਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਭਾਰਤ ਸਰਕਾਰ ਨੇ ਇਹਨਾਂ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਨੂੰ ਪੂਰੀ ਤਰ੍ਹਾਂ ਨਾਲ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਨਿਯਮ 27 ਮਾਰਚ 2022 ਤੋਂ ਲਾਗੂ ਹੋਵੇਗਾ। ਫਿਲਹਾਲ ਵਿਦੇਸ਼ੀ ਯਾਤਰੀ ਉਡਾਣਾਂ ‘ਤੇ ਮੌਜੂਦਾ ਪਾਬੰਦੀ 26 ਮਾਰਚ ਦੀ ਅੱਧੀ ਰਾਤ 12 ਤੱਕ ਲਾਗੂ ਰਹੇਗੀ। ਏਅਰ ਬਬਲ ਸਮਝੌਤਾ ਵੀ ਉਸੇ ਮਿਆਦ ਲਈ ਲਾਗੂ ਰਹੇਗਾ।