ਚੰਡੀਗੜ੍ਹ, 3 ਮਈ 2024: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸ਼ੁੱਕਰਵਾਰ ਨੂੰ ਸਾਲਾਨਾ ਟੀਮ ਰੈਂਕਿੰਗ (ICC rankings) ਅਪਡੇਟ ਜਾਰੀ ਕੀਤੀ। ਇਸ ‘ਚ ਆਸਟ੍ਰੇਲੀਆ ਟੈਸਟ ਕ੍ਰਿਕਟ ‘ਚ ਚੋਟੀ ‘ਤੇ ਹੈ, ਜਦਕਿ ਭਾਰਤ ਨੇ ਸਫੇਦ ਗੇਂਦ ਦੇ ਦੋਵਾਂ ਫਾਰਮੈਟਾਂ ਯਾਨੀ ਵਨਡੇ ਅਤੇ ਟੀ-20 ‘ਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਮੌਜੂਦਾ ਟੈਸਟ ਚੈਂਪੀਅਨ ਆਸਟਰੇਲੀਆ ਨੇ ਪਿਛਲੇ ਸਾਲ ਓਵਲ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਖ਼ਿਤਾਬੀ ਮੈਚ ਵਿੱਚ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਭਾਰਤ ਨੂੰ ਪਛਾੜ ਕੇ ਸਾਲਾਨਾ ਅਪਡੇਟ ‘ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਟੀਮ ਇੰਡੀਆ ਟੈਸਟ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਖਿਸਕ ਗਈ ਹੈ।
ਆਸਟਰੇਲੀਆ ਦੇ 124 ਅੰਕ (ICC rankings) ਹਨ ਅਤੇ ਉਹ ਆਪਣੇ ਨੇੜਲੇ ਵਿਰੋਧੀ ਅਤੇ ਪਿਛਲੇ ਸਾਲ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਉਪ ਜੇਤੂ ਭਾਰਤ (120) ਤੋਂ ਚਾਰ ਅੰਕ ਅੱਗੇ ਹੈ। ਇਸ ਦੇ ਨਾਲ ਹੀ ਇੰਗਲੈਂਡ (105) ਤੀਜੇ ਸਥਾਨ ‘ਤੇ ਹੈ। ਟੈਸਟ ਰੈਂਕਿੰਗ ਵਿੱਚ ਦੱਖਣੀ ਅਫਰੀਕਾ (103), ਨਿਊਜ਼ੀਲੈਂਡ (96), ਪਾਕਿਸਤਾਨ (89), ਸ੍ਰੀਲੰਕਾ (83), ਵੈਸਟਇੰਡੀਜ਼ (82) ਅਤੇ ਬੰਗਲਾਦੇਸ਼ (53) ਆਪਣੇ-ਆਪਣੇ ਸਥਾਨ ’ਤੇ ਕਾਬਜ਼ ਹਨ।