ਚੰਡੀਗੜ੍ਹ, 08 ਜਨਵਰੀ 2025: ਕਾਂਗਰਸ ਨੇ ਚਾਲੂ ਵਿੱਤੀ ਸਾਲ ਲਈ ਕੁੱਲ ਘਰੇਲੂ ਉਤਪਾਦ (GDP) ਦੇ ਵਾਧੇ ਦੇ ਅਨੁਮਾਨ ‘ਚ ਕਟੌਤੀ ਤੋਂ ਬਾਅਦ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਵਿਕਾਸ ਅਤੇ ਨਿਵੇਸ਼ ‘ਤੇ ਮੰਦੀ ਦੇ ਬੱਦਲ ਛਾਏ ਹੋਏ ਹਨ ਅਤੇ ਇਸ ਨੂੰ ਦੂਰ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ (Jairam Ramesh) ਨੇ ਕਿਹਾ ਹੈ ਕਿ ਕੇਂਦਰੀ ਬਜਟ ਤੋਂ ਪਹਿਲਾਂ ਆਰਥਿਕ ਮੋਰਚੇ ‘ਤੇ ਨਿਰਾਸ਼ਾਜਨਕ ਪਿਛੋਕੜ ਰਿਹਾ ਹੈ।
ਜੈਰਾਮ ਰਮੇਸ਼ ਨੇ ਸੁਝਾਅ ਦਿੱਤਾ ਕਿ ਭਾਰਤ ‘ਚ ਗਰੀਬਾਂ ਦੀ ਆਮਦਨ ਵਧਾਉਣਾ, ਮਨਰੇਗਾ ਮਜ਼ਦੂਰੀ ‘ਚ ਵਾਧਾ ਕਰਨਾ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ‘ਚ ਵਾਧਾ ਕਰਨਾ ਸਮੇਂ ਦੀ ਲੋੜ ਹੈ। ਜੀਐਸਟੀ ਪ੍ਰਣਾਲੀ ਨੂੰ “ਹਾਸੋਹੀਣੀ ਤੌਰ ‘ਤੇ ਗੁੰਝਲਦਾਰ” ਦੱਸਦੇ ਹੋਏ ਰਮੇਸ਼ ਨੇ ਇਸ ਨੂੰ ਸਰਲ ਬਣਾਉਣ ਅਤੇ ਮੱਧ ਵਰਗ ਲਈ ਆਮਦਨ ਕਰ ਰਾਹਤ ਦੀ ਮੰਗ ਵੀ ਕੀਤੀ ਹੈ।
ਕਾਂਗਰਸ ਆਗੂ ਜੈਰਾਮ ਰਮੇਸ਼ (Jairam Ramesh) ਨੇ ਇਕ ਬਿਆਨ ‘ਚ ਕਿਹਾ ਕਿ ਵਿੱਤੀ ਸਾਲ 2024-25 ‘ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਾਧੇ ਲਈ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਪੇਸ਼ਗੀ ਅਨੁਮਾਨ ‘ਚ ਸਿਰਫ 6.4 ਫੀਸਦੀ ਦਾ ਵਾਧਾ ਦੱਸਿਆ ਹੈ।
ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਹੁਣ ਵਿਕਾਸ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਵਿਚ ਸੁਸਤ ਹੋਣ ਦੀ ਅਸਲੀਅਤ ਤੋਂ ਇਨਕਾਰ ਨਹੀਂ ਕਰ ਸਕਦੀ। ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ‘ਚ ਭਾਰਤ ਦੀ ਖਪਤ ਦੀ ਕਹਾਣੀ ਉਲਟ ਗਈ ਹੈ ਅਤੇ ਇਹ ਅਰਥਵਿਵਸਥਾ ਲਈ ਸਭ ਤੋਂ ਵੱਡੀ ਸਮੱਸਿਆ ਬਣ ਕੇ ਉਭਰਿਆ ਹੈ।
ਰਮੇਸ਼ ਨੇ ਕਿਹਾ, “ਇਸ ਸਾਲ ਦੀ ਦੂਜੀ ਤਿਮਾਹੀ ਦੇ ਅੰਕੜਿਆਂ ਦੇ ਮੁਤਾਬਕ, ਨਿੱਜੀ ਅੰਤਿਮ ਖਪਤ ਖਰਚੇ (ਪੀ.ਐੱਫ.ਸੀ.ਈ.) ਦੀ ਵਿਕਾਸ ਦਰ ਪਿਛਲੀ ਤਿਮਾਹੀ ਦੇ 7.4 ਫੀਸਦੀ ਤੋਂ ਘਟ ਕੇ 6 ਫੀਸਦੀ ਰਹਿ ਗਈ ਹੈ। ਕਾਰਾਂ ਦੀ ਵਿਕਰੀ ਚਾਰ ਸਾਲ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਭਾਰਤੀ ਕਈ ਉਦਯੋਗ ਦੇ ਸੀ.ਈ.ਓਜ਼ ਨੇ ਖੁਦ ‘ਸੁੰਗੜਦੇ’ ਮੱਧ ਵਰਗ ‘ਤੇ ਚਿੰਤਾ ਜ਼ਾਹਰ ਕੀਤੀ ਹੈ, ਜੋ ਨਾ ਸਿਰਫ ਜੀਡੀਪੀ ਵਿਕਾਸ ‘ਤੇ ਸਿੱਧਾ ਅਸਰ ਪਾ ਰਿਹਾ ਹੈ, ਸਗੋਂ ਨਿੱਜੀ ਖੇਤਰ ਨੂੰ ਸਮਰੱਥਾ ਵਧਾਉਣ ‘ਚ ਨਿਵੇਸ਼ ਕਰਨ ਤੋਂ ਵੀ ਝਿਜਕ ਰਿਹਾ ਹੈ।
Read More: Haryana News: ਟਰਾਂਸਪੋਰਟ ਮੰਤਰੀ ਅਨਿਲ ਵਿਜ ਦਾ ਦਾਅਵਾ, ਦਿੱਲੀ ‘ਚ ਇਸ ਵਾਰ ਬਣੇਗੀ ਭਾਜਪਾ ਦੀ ਸਰਕਾਰ