ਚੰਡੀਗੜ੍ਹ, 26 ਨਵੰਬਰ 2024: ਭਾਰਤੀ ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ (Bangladesh) ‘ਚ ਹਿੰਦੂ ਸੰਗਠਨ ‘ਸਮਾਲਿਮਿਤ ਸਨਾਤਨੀ ਜੋਤ’ ਦੇ ਆਗੂ ਚਿਨਮਯ ਕ੍ਰਿਸ਼ਨ (Chinmay Krishna Prabhu) ਦੀ ਗ੍ਰਿਫਤਾਰੀ ‘ਤੇ ਚਿੰਤਾ ਪ੍ਰਗਟ ਕੀਤੀ ਹੈ | ਦਰਅਸਲ, ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਹਿੰਦੂ ਸੰਗਠਨ ‘ਸਮਾਲਿਮਿਤ ਸਨਾਤਨੀ ਜੋਤ’ ਦੇ ਆਗੂ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ |
ਇਸਦੇ ਨਾਲ ਹੀ ਅਦਾਲਤ ਨੇ ਹਿੰਦੂ ਆਗੂ ਨੂੰ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਹੈ | ਜਿਕਰਯੋਗ ਹੈ ਕਿ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਕਰਨ ‘ਤੇ ਇਸਕਾਨ ਦੇ ਚਿਨਮਯ ਕ੍ਰਿਸ਼ਨ ਦਾਸ ਪ੍ਰਭੂ ‘ਤੇ ਕਾਰਵਾਈ ਕੀਤੀ ਸੀ। ਉਨ੍ਹਾਂ ਨੂੰ ਬੰਗਲਾਦੇਸ਼ ਪੁਲਿਸ ਨੇ ਢਾਕਾ ਹਵਾਈ ਅੱਡੇ ਤੋਂ ਦੇਸ਼ ਧ੍ਰੋਹ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ।
ਚਿਨਮਯ ਕ੍ਰਿਸ਼ਨ ਦਾਸ (Chinmay Krishna) ਦੀ ਗ੍ਰਿਫਤਾਰੀ ਤੋਂ ਬਾਅਦ ਹਿੰਦੂ ਭਾਈਚਾਰਾ ਸੜਕਾਂ ‘ਤੇ ਉਤਰ ਆਇਆ ਅਤੇ ਤੇ ਰੋਡ ਜਾਮ ਕਰ ਦਿੱਤਾ। ਕਈ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਅਸੀਂ ਬੰਗਲਾਦੇਸ਼ ‘ਸਮਿਲਿਤ ਸਨਾਤਨੀ ਜੋਤ’ ਦੇ ਬੁਲਾਰੇ ਚਿਨਮੋਏ ਕ੍ਰਿਸ਼ਨਾ ਦਾਸ ਦੀ ਗ੍ਰਿਫਤਾਰੀ ਅਤੇ ਜ਼ਮਾਨਤ ਤੋਂ ਇਨਕਾਰ ਕਰਨ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬੰਗਲਾਦੇਸ਼ ‘ਚ ਕੱਟੜਪੰਥੀ ਤੱਤਾਂ ਦੁਆਰਾ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ‘ਤੇ ਕਈ ਹਮਲਿਆਂ ਤੋਂ ਬਾਅਦ ਹੈ। ਅਸੀਂ ਬੰਗਲਾਦੇਸ਼ ਦੇ ਅਧਿਕਾਰੀਆਂ ਨੂੰ ਸ਼ਾਂਤਮਈ ਇਕੱਠ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਸਮੇਤ ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ।
ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਬੰਗਲਾਦੇਸ਼ ‘ਚ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ‘ਚ ਚਿਨਮੋਏ ਕ੍ਰਿਸ਼ਨਾ ਦਾਸ ਪ੍ਰਭੂ ਸਮੇਤ 19 ਜਣਿਆਂ ‘ਤੇ ਦੇਸ਼ਧ੍ਰੋਹ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ 25 ਅਕਤੂਬਰ ਨੂੰ ਸਨਾਤਨ ਜਾਗਰਣ ਮੰਚ ਨੇ ਅੱਠ ਨੁਕਾਤੀ ਮੰਗਾਂ ਨੂੰ ਲੈ ਕੇ ਚਟਗਾਓਂ ਦੇ ਲਾਲਦੀਘੀ ਮੈਦਾਨ ‘ਚ ਰੈਲੀ ਕੀਤੀ ਸੀ।
ਇਸ ਦੌਰਾਨ ਇਕ ਚੌਕ ‘ਤੇ ਸਥਿਤ ਅਜ਼ਾਦੀ ਥੰਮ ‘ਤੇ ਕੁਝ ਲੋਕਾਂ ਨੇ ਕਥਿਤ ਤੌਰ ‘ਤੇ ਭਗਵਾ ਝੰਡਾ ਲਹਿਰਾ ਦਿੱਤਾ ਸੀ। ਇਸ ਝੰਡੇ ‘ਤੇ ਕਥਿਤ ਤੌਰ ‘ਤੇ ਆਮੀ ਸਨਾਤਨੀ ਲਿਖਿਆ ਹੋਇਆ ਸੀ। ਇਸ ਸਬੰਧੀ ਚਿਨਮੋਏ ਕ੍ਰਿਸ਼ਨ ਦਾਸ ‘ਤੇ ਰਾਸ਼ਟਰੀ ਝੰਡੇ ਦੀ ਬੇਅਦਬੀ ਅਤੇ ਅਪਮਾਨ ਦਾ ਦੋਸ਼ ਲਗਾਇਆ ।
ਪਿਛਲੇ ਸਾਲ ਅਗਸਤ ‘ਚ ਸ਼ੇਖ ਹਸੀਨਾ ਦੀ ਸਰਕਾਰ ਦੇ ਡਿੱਗਣ ਤੋਂ ਬਾਅਦ, ਮੁਹੰਮਦ ਯੂਨਸ ਦੀ ਅਗਵਾਈ ਵਾਲੀ ਇੱਕ ਕਾਰਜਕਾਰੀ ਸਰਕਾਰ ਬੰਗਲਾਦੇਸ਼ ਦਾ ਸੰਚਾਲਨ ਕਰ ਰਹੀ ਹੈ, ਪਰ ਜਦੋਂ ਤੋਂ ਸ਼ੇਖ ਹਸੀਨਾ ਦੀ ਸਰਕਾਰ ਸੱਤਾ ਤੋਂ ਬਾਹਰ ਹੋਈ ਹੈ, ਉਦੋਂ ਤੋਂ ਬੰਗਲਾਦੇਸ਼ ‘ਚ ਹਿੰਦੂਆਂ ਅਤੇ ਹੋਰ ਘੱਟ ਗਿਣਤੀ ਸਮੂਹਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਵਧ ਗਈਆਂ ਹਨ |