ਚੰਡੀਗੜ੍ਹ 31 ਅਕਤੂਬਰ 2022: ਭਾਰਤ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਨੂੰ 2.5 ਮਿਲੀਅਨ ਅਮਰੀਕੀ ਡਾਲਰ ਦਾ ਚੈੱਕ ਸੌਂਪਿਆ। ਇਹ ਇਹ ਵਿੱਤੀ ਸਹਾਇਤਾ ਫਲਸਤੀਨੀ ਸ਼ਰਨਾਰਥੀਆਂ ਦੇ ਸਮਰਥਨ ਵਿੱਚ ਸਾਲਾਨਾ 5 ਮਿਲੀਅਨ ਅਮਰੀਕੀ ਡਾਲਰ ਦੀ ਦੂਜੀ ਕਿਸ਼ਤ ਹੈ। ਇਹ ਪੈਸਾ ਸ਼ਰਨਾਰਥੀਆਂ ਲਈ ਸਕੂਲਾਂ, ਸਿਹਤ ਕੇਂਦਰਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਰਤਿਆ ਜਾਵੇਗਾ।
ਭਾਰਤ ਨੇ 2018 ਤੋਂ ਯੂਐਨਆਰਡਬਲਯੂਏ (UNRWA) (ਨੇੜਲੇ ਪੂਰਬ ਵਿੱਚ ਫਲਸਤੀਨ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ) ਨੂੰ 22.5 ਮਿਲੀਅਨ ਅਮਰੀਕੀ ਡਾਲਰ ਦਿੱਤੇ ਹਨ। ਯੂਐਨਆਰਡਬਲਯੂਏ ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈ ਜੋ ਫਲਸਤੀਨੀ ਸ਼ਰਨਾਰਥੀਆਂ ਨੂੰ ਰਾਹਤ ਪ੍ਰਦਾਨ ਕਰਦੀ ਹੈ ਅਤੇ ਉਹਨਾਂ ਦੇ ਮਨੁੱਖੀ ਵਿਕਾਸ ਦਾ ਸਮਰਥਨ ਕਰਦੀ ਹੈ।
ਰਾਮੱਲਾ ਵਿੱਚ ਭਾਰਤ ਦੇ ਪ੍ਰਤੀਨਿਧੀ ਦਫ਼ਤਰ (ROI) ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੇ ਫਲਸਤੀਨੀ ਸ਼ਰਨਾਰਥੀਆਂ ਦੇ ਸਮਰਥਨ ਵਿੱਚ ਯੂਐਨਆਰਡਬਲਯੂਏ ਨੂੰ 2.5 ਮਿਲੀਅਨ ਅਮਰੀਕੀ ਡਾਲਰ ਦੀ ਦੂਜੀ ਕਿਸ਼ਤ ਪ੍ਰਦਾਨ ਕੀਤੀ ਹੈ। ਇਸ ਵਿੱਚ ਉਨ੍ਹਾਂ ਲਈ ਸਿੱਖਿਆ, ਸਿਹਤ ਸੰਭਾਲ, ਰਾਹਤ ਅਤੇ ਸਮਾਜਿਕ ਸੇਵਾਵਾਂ ਵਰਗੇ ਪ੍ਰੋਗਰਾਮ ਸ਼ਾਮਲ ਹਨ।