July 5, 2024 12:13 am
virat kohli

T-20 WC; ਭਾਰਤ ਨੇ ਅਫ਼ਗ਼ਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ

ਆਬੂ ਧਾਬੀ – ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜੇ ਤੋਂ ਬਾਅਦ ਰਵੀ ਚੰਦਰਨ ਅਸ਼ਵਿਨ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ਨਾਲ ਭਾਰਤ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਪੜਾਅ ਦੇ ਗਰੁੱਪ-2 ਮੈਚ ਵਿਚ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ। ਭਾਰਤ ਦੇ 211 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ 7 ਵਿਕਟਾਂ ‘ਤੇ 144 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਦੇ 6 ਬੱਲੇਬਾਜ਼ ਦੋਹਰੇ ਅੰਕ ਵਿਚ ਪੁੱਜੇ ਪਰ ਕਪਤਾਨ ਮੁਹੰਮਦ ਨਬੀ (35 ਦੌੜਾਂ) ਅਤੇ ਕਰੀਮ ਜੰਨਤ (ਅਜੇਤੂ 42 ਦੌੜਾਂ) ਹੀ 20 ਦੌੜਾਂ ਦੇ ਅੰਕੜਿਆਂ ਨੂੰ ਪਾਰ ਕਰ ਸਕੇ। ਦੋਵਾਂ ਨੇ 6ਵੇਂ ਵਿਕਟ ਲਈ 57 ਦੌੜਾਂ ਵੀ ਜੋੜੀਆਂ। ਭਾਰਤ ਵੱਲੋਂ ਮੁਹੰਮਦ ਸ਼ੰਮੀ ਨੇ 3 ਵਿਕਟਾਂ ਝਟਕਾਈਆਂ, ਜਦੋਂਕਿ ਅਸ਼ਵਿਨ ਨੇ ਬੇਹੱਦ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ‘ਚ 14 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੇ ਵੀ 1-1 ਵਿਕਟ ਹਾਸਲ ਕੀਤੀ। ਰੋਹਿਤ (74) ਤੇ ਰਾਹੁਲ (69) ਦੇ ਅਰਧ ਸੈਂਕੜਿਆਂ ਤੇ ਦੋਵਾਂ ‘ਚ ਪਹਿਲੇ ਵਿਕਟ ਦੀ 140 ਦੌੜਾਂ ਦੀ ਸਾਂਝੇਦਾਰੀ ਨਾਲ 2 ਵਿਕਟਾਂ ‘ਤੇ 210 ਦੌੜਾਂ ਬਣਾਈਆਂ, ਜੋ ਮੌਜੂਦਾ ਟੂਰਨਾਮੈਂਟ ਦਾ ਸਭ ਤੋਂ ਉੱਚ ਸਕੋਰ ਹੈ। ਰੋਹਿਤ ਨੇ 47 ਗੇਂਦਾਂ ਦੀ ਆਪਣੀ ਪਾਰੀ ਵਿਚ 8 ਚੌਕੇ ਅਤੇ 3 ਛੱਕੇ ਮਾਰੇ, ਜਦੋਂਕਿ ਰਾਹੁਲ ਨੇ 48 ਗੇਂਦਾਂ ਦਾ ਸਾਹਮਣਾ ਕਰਦੇ ਹੋਏ 6 ਚੌਕੇ ਅਤੇ 2 ਛੱਕੇ ਜੜੇ। ਹਾਰਦਿਕ ਪੰਡਯਾ ਤੇ ਰਿਸ਼ਭ ਪੰਤ ਨੇ ਤੀਜੀ ਵਿਕਟ ਲਈ 3.3 ਓਵਰਾਂ ਵਿਚ 63 ਦੌੜਾਂ ਦੀ ਤੇਜ਼ਤੱਰਾਰ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਅੰਤਿਮ 9 ਓਵਰਾਂ ਵਿਚ 119 ਦੌੜਾਂ ਬਟੋਰੀਆਂ। ‘ਕਰੋ ਜਾਂ ਮਰੋ’ ਦੇ ਇਸ ਮੁਕਾਬਲੇ ਵਿਚ ਜਿੱਤ ਤੋਂ ਬਾਅਦ ਭਾਰਤ ਦੇ 3 ਮੈਚਾਂ ਵਿਚ 1 ਜਿੱਤ ਨਾਲ 2 ਅੰਕ ਹੋ ਗਏ ਹਨ। ਇਸ ਜਿੱਤ ਨਾਲ ਭਾਰਤ ਦੇ ਨੈੱਟ ਰਨ ਰੇਟ ਵਿਚ ਵੀ ਸੁਧਾਰ ਹੋਇਆ ਹੈ। ਅਫਗਾਨਿਸਤਾਨ ਦੇ 4 ਮੈਚਾਂ ਵਿਚ 2 ਜਿੱਤ ਨਾਲ 4 ਅੰਕ ਹਨ।