July 2, 2024 9:35 pm
India-Australia

ਭਾਰਤ-ਆਸਟ੍ਰੇਲੀਆ ਨੇ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ‘ਤੇ ਕੀਤੇ ਹਸਤਾਖਰ

ਚੰਡੀਗੜ੍ਹ 02 ਅਪ੍ਰੈਲ 2022: ਭਾਰਤ-ਆਸਟ੍ਰੇਲੀਆ (India-Australia) ਵਿਚਾਲੇ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸ਼ਨੀਵਾਰ ਨੂੰ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਸਮਝੌਤੇ ਦੇ ਤਹਿਤ, ਆਸਟ੍ਰੇਲੀਆ ਕੱਪੜਾ, ਚਮੜਾ, ਗਹਿਣੇ ਅਤੇ ਖੇਡ ਉਤਪਾਦਾਂ ਸਮੇਤ ਸਮਾਨ ਲਈ ਆਪਣੇ 95 ਫੀਸਦੀ ਤੋਂ ਵੱਧ ਬਾਜ਼ਾਰ ਤੱਕ ਕਸਟਮ-ਮੁਕਤ ਪਹੁੰਚ ਪ੍ਰਦਾਨ ਕਰੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਨੇ ਘੱਟ ਸਮੇਂ ‘ਚ ਇੰਨੇ ਮਹੱਤਵਪੂਰਨ ਸਮਝੌਤੇ ‘ਤੇ ਸਹਿਮਤ ਹੋਣਾ ਦੋਹਾਂ ਦੇਸ਼ਾਂ ਦੇ ਆਪਸੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਹ ਸਾਡੇ ਦੁਵੱਲੇ ਸੰਬੰਧਾਂ ਲਈ ਬਹੁਤ ਮਹੱਤਵਪੂਰਨ ਹੈ।

ਭਾਰਤ-ਆਸਟ੍ਰੇਲੀਆ ਦੋਸਤੀ ਦੇ ਇੱਕ ਮਹੱਤਵਪੂਰਨ ਥੰਮ੍ਹ
ਇਸ ਦੌਰਾਨ ਪੀ.ਐਮ ਮੋਦੀ ਨੇ ਕਿਹਾ, “ਇਹ ਸੰਬੰਧ ਭਾਰਤ-ਆਸਟ੍ਰੇਲੀਆ ਦੋਸਤੀ ਦੇ ਇੱਕ ਮਹੱਤਵਪੂਰਨ ਥੰਮ੍ਹ ਹਨ। ਇਹ ਸਮਝੌਤਾ ਸਾਡੇ ਵਿਚਕਾਰ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਸੈਲਾਨੀਆਂ ਦੇ ਆਦਾਨ-ਪ੍ਰਦਾਨ ਦੀ ਸਹੂਲਤ ਦੇਵੇਗਾ। ਜਿਸ ਨਾਲ ਇਨ੍ਹਾਂ ਸੰਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਮੈਨੂੰ ਯਕੀਨ ਹੈ ਕਿ ਇਸ ਸਮਝੌਤੇ ਨਾਲ ਅਸੀਂ ਇਹਨਾਂ ਮੌਕਿਆਂ ਦਾ ਪੂਰਾ ਫਾਇਦਾ ਉਠਾ ਸਕਾਂਗੇ। ਅਸੀਂ ਮਿਲ ਕੇ ਸਪਲਾਈ ਚੇਨ ਦੀ ਲਚਕੀਲਾਪਣ ਅਤੇ ਇੰਡੋ-ਪੈਸੀਫਿਕ ਖੇਤਰ ਦੀ ਸਥਿਰਤਾ ‘ਚ ਯੋਗਦਾਨ ਪਾਉਣ ਦੇ ਯੋਗ ਹੋਵਾਂਗੇ।”

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਅਸੀਂ ਆਪਣੀ ਵਿਆਪਕ, ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ ਹੈ। ਮੇਰੀ ਸਰਕਾਰ ਨੇ ਲਗਭਗ $282 ਮਿਲੀਅਨ ਦੀ ਇੱਕ ਨਵੀਂ ਪਹਿਲਕਦਮੀ ਦਾ ਐਲਾਨ ਕੀਤਾ ਹੈ। ਇਹ ਸਾਡੇ ਵਿਚਕਾਰ ਵਿਆਪਕ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।

ਵਪਾਰਕ ਰੁਕਾਵਟਾਂ ਨੂੰ ਕੀਤਾ ਜਾਵੇਗਾ ਦੂਰ
ਪੀਯੂਸ਼ ਗੋਇਲ ਨੇ ਕਿਹਾ ਕਿ ਅਸੀਂ ਵਪਾਰਕ ਰੁਕਾਵਟਾਂ ਨੂੰ ਦੂਰ ਕਰ ਰਹੇ ਹਾਂ ਜਿਸ ਨਾਲ ਭਵਿੱਖ ‘ਚ ਵਪਾਰ ਦੁੱਗਣਾ ਹੋ ਜਾਵੇਗਾ। ਅਗਲੇ ਪੰਜ ਸਾਲਾਂ ‘ਚ ਦੁਵੱਲੇ ਵਪਾਰ ‘ਚ ਮੌਜੂਦਾ 27 ਬਿਲੀਅਨ ਡਾਲਰ ਤੋਂ ਲਗਭਗ 45-50 ਬਿਲੀਅਨ ਡਾਲਰ ਹੋਣ ਦੀ ਉਮੀਦ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇੱਕ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟ੍ਰੇਲੀਆ ‘ਚ ਰਹਿ ਰਹੇ ਹਨ ਅਤੇ ਪੜ੍ਹ ਰਹੇ ਹਨ। ਅਸੀਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕੰਮ ਅਤੇ ਛੁੱਟੀਆਂ ਦੇ ਵੀਜ਼ਾ ਪ੍ਰਬੰਧਾਂ ਨੂੰ ਦੇਖ ਰਹੇ ਹਾਂ।