ਚੰਡੀਗੜ੍ਹ, 15 ਜਨਵਰੀ 2025: india women vs ireland women: ਭਾਰਤੀ ਮਹਿਲਾ ਟੀਮ ਨੇ ਤੀਜੇ ਵਨਡੇ ਮੈਚ ‘ਚ ਆਇਰਲੈਂਡ ਨੂੰ 304 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 3-0 ਨਾਲ ਕਬਜਾ ਕਰ ਲਿਆ ਹੈ | ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਦੂਜਾ ਵਨਡੇ 116 ਦੌੜਾਂ ਨਾਲ ਅਤੇ ਪਹਿਲਾ ਮੈਚ ਛੇ ਵਿਕਟਾਂ ਨਾਲ ਜਿੱਤਿਆ ਸੀ।
ਤੀਜੇ ਵਨਡੇ ਮੈਚ ‘ਚ ਭਾਰਤ ਨੇ ਪ੍ਰਤੀਕਾ ਰਾਵਲ (154) ਅਤੇ ਸਮ੍ਰਿਤੀ ਮੰਧਾਨਾ (135) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 50 ਓਵਰਾਂ ‘ਚ ਪੰਜ ਵਿਕਟਾਂ ‘ਤੇ 435 ਦੌੜਾਂ ਬਣਾਈਆਂ। ਜਵਾਬ ‘ਚ ਆਇਰਲੈਂਡ ਦੀ ਟੀਮ 31.4 ਓਵਰਾਂ ‘ਚ 131 ਦੌੜਾਂ ‘ਤੇ ਆਲ ਆਊਟ ਹੋ ਗਈ। ਆਇਰਲੈਂਡ ਟੀਮ ਦੇ ਸੱਤ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਇਸ ਮੈਚ ‘ਚ ਦੀਪਤੀ ਸ਼ਰਮਾ ਨੇ ਤਿੰਨ ਅਤੇ ਤਨੂਜਾ ਕੰਵਰ ਨੇ ਦੋ ਵਿਕਟਾਂ ਹਾਸਲ ਕੀਤੀ | ਭਾਰਤ ਨਤੀਜਾ ਵਨਡੇ ਜਿੱਤ ਕੇ ਆਇਰਲੈਂਡ ਦਾ ਸੀਰੀਜ਼ ‘ਚ ਕਲੀਨ ਸਵੀਪ ਕਰ ਦਿੱਤਾ |
ਭਾਰਤ ਨੇ ਆਇਰਲੈਂਡ ਨੂੰ 304 ਦੌੜਾਂ ਨਾਲ ਹਰਾ ਕੇ ਇੱਕ ਵੱਡਾ ਰਿਕਾਰਡ ਬਣਾਇਆ। ਇਹ ਮਹਿਲਾ ਵਨਡੇ ‘ਚ ਦੌੜਾਂ ਦੇ ਮਾਮਲੇ ‘ਚ ਭਾਰਤੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੇ ਪੋਟਚੇਫਸਟ੍ਰੂਮ ‘ਚ ਆਇਰਲੈਂਡ ਨੂੰ 249 ਦੌੜਾਂ ਨਾਲ ਹਰਾਇਆ ਸੀ। ਇਹ ਮੈਚ 2017 ‘ਚ ਖੇਡਿਆ ਗਿਆ ਸੀ।
ਜਿਕਰਯੋਗ ਹੈ ਕਿ ਇਸ ਮੁਕਾਬਲੇ ‘ਚ ਭਾਰਤੀ ਮਹਿਲਾ ਟੀਮ (Indian women’s team) ਨੇ ਪੁਰਸ਼ ਟੀਮ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਭਾਰਤੀ ਪੁਰਸ਼ ਟੀਮ ਦਾ ਵਨਡੇ ਮੈਚਾਂ ‘ਚ ਸਭ ਤੋਂ ਵੱਧ ਸਕੋਰ 2011 ‘ਚ ਵੈਸਟਇੰਡੀਜ਼ ਖ਼ਿਲਾਫ਼ ਪੰਜ ਵਿਕਟਾਂ ‘ਤੇ 418 ਦੌੜਾਂ ਹਨ, ਪਰ ਮਹਿਲਾ ਟੀਮ ਨੇ ਇਸ ਤੋਂ ਵੀ ਅੱਗੇ ਵਧ ਕੇ ਆਇਰਲੈਂਡ ਦੇ ਸਾਹਮਣੇ 436 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ।
ਕੁੱਲ ਮਿਲਾ ਕੇ ਇਹ ਭਾਰਤ ਦਾ ਇੱਕ ਰੋਜ਼ਾ ਫਾਰਮੈਟ ‘ਚ ਸਭ ਤੋਂ ਵੱਧ ਸਕੋਰ ਹੈ, ਪੁਰਸ਼ਾਂ ਅਤੇ ਔਰਤਾਂ ਦੋਵਾਂ ਦਾ ਮਿਲਾ ਕੇ। ਭਾਰਤ ਨੂੰ ਇਸ ਉਪਲਬਧੀ ਤੱਕ ਪਹੁੰਚਾਉਣ ਦਾ ਸਿਹਰਾ ਪ੍ਰਤੀਕਾ, ਮੰਧਾਨਾ ਅਤੇ ਰਿਚਾ ਘੋਸ਼ ਨੂੰ ਜਾਂਦਾ ਹੈ ਜਿਨ੍ਹਾਂ ਨੇ ਧਮਾਕੇਦਾਰ ਪਾਰੀਆਂ ਖੇਡੀਆਂ ਅਤੇ ਕਈ ਰਿਕਾਰਡ ਆਪਣੇ ਨਾਮ ਕੀਤੇ।
ਇਹ ਮਹਿਲਾ ਵਨਡੇ ਕ੍ਰਿਕਟ ਵਿੱਚ ਛੇਵਾਂ ਮੌਕਾ ਹੈ ਜਦੋਂ ਕਿਸੇ ਟੀਮ ਨੇ 400 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਇਸ ਦੇ ਨਾਲ ਹੀ, ਭਾਰਤੀ ਟੀਮ ਨੇ ਮਹਿਲਾ ਵਨਡੇ ਇਤਿਹਾਸ ‘ਚ ਚੌਥਾ ਸਭ ਤੋਂ ਵੱਡਾ ਕੁੱਲ ਸਕੋਰ ਬਣਾਇਆ ਹੈ। ਇਸ ਫਾਰਮੈਟ ‘ਚ ਸਭ ਤੋਂ ਵੱਧ ਮਹਿਲਾ ਸਕੋਰ ਦਾ ਰਿਕਾਰਡ ਨਿਊਜ਼ੀਲੈਂਡ ਦੇ ਕੋਲ ਹੈ, ਜਿਸਨੇ 2018 ‘ਚ ਆਇਰਲੈਂਡ ਵਿਰੁੱਧ ਚਾਰ ਵਿਕਟਾਂ ‘ਤੇ 491 ਦੌੜਾਂ ਬਣਾਈਆਂ ਸਨ।
ਨਿਊਜ਼ੀਲੈਂਡ ਇੱਕ ਅਜਿਹੀ ਟੀਮ ਹੈ ਜਿਸਨੇ ਚਾਰ ਵਾਰ ਵਨਡੇ ਮੈਚਾਂ ‘ਚ 400 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਮਹਿਲਾ ਵਨਡੇ ਕ੍ਰਿਕਟ ਇਤਿਹਾਸ ‘ਚ ਨਿਊਜ਼ੀਲੈਂਡ ਅਜੇ ਵੀ ਚੋਟੀ ਦੇ ਤਿੰਨ ਸਕੋਰਾਂ ‘ਚ ਹੈ, ਪਰ ਚੌਥੇ ਸਥਾਨ ‘ਤੇ ਹੁਣ ਭਾਰਤ ਦਾ ਕਬਜ਼ਾ ਹੈ, ਜਿਸ ਨੇ ਪਹਿਲੀ ਵਾਰ ਫਾਰਮੈਟ ‘ਚ 400 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।
Read More: IND-w vs IRE-w: ਆਇਰਲੈਂਡ ਖ਼ਿਲਾਫ ਭਾਰਤੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਤੂਫ਼ਾਨੀ ਸੈਂਕੜਾ