ਚੰਡੀਗੜ੍ਹ 17 ਫਰਵਰੀ 2022: ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ |ਇਸ ਮੈਚ ਤੋਂ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਭਾਰਤੀ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਇੱਕੋ ਓਵਰ ‘ਚ ਦੋ ਵਿਕਟਾਂ ਲੈਣ ਲਈ ‘ਪਲੇਅਰ ਆਫ਼ ਦਾ ਮੈਚ’ ਵੀ ਚੁਣਿਆ ਗਿਆ। ਭਾਰਤੀ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਬੁੱਧਵਾਰ ਨੂੰ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਉਨ੍ਹਾਂ ਨੂੰ ਵੈਸਟਇੰਡੀਜ਼ ਖਿਲਾਫ ਪਹਿਲੇ ਟੀ-20 ਮੈਚ ‘ਚ ਟੀਮ ਇੰਡੀਆ ਦੀ ਕੈਪ ਦਿੱਤੀ ਗਈ ਸੀ ਅਤੇ ਉਸ ਨੇ ਖੁਦ ਨੂੰ ਸਾਬਤ ਵੀ ਕੀਤਾ। 21 ਸਾਲਾ ਖਿਡਾਰੀ ਬਿਸ਼ਨੋਈ ਨੇ ਆਪਣੇ ਦੂਜੇ ਓਵਰ ‘ਚ ਦੋ ਵਿਕਟਾਂ ਲੈ ਕੇ ਕੈਰੇਬੀਆਈ ਟੀਮ ਦੀ ਕਮਰ ਤੋੜ ਦਿੱਤੀ। ਰਵੀ ਨੇ ਪਹਿਲਾ ਵਿਕਟ ਰੋਸਟਨ ਚੇਜ਼ ਨੂੰ ਐਲਬੀਡਬਲਿਊ ਆਊਟ ਕੀਤਾ ਅਤੇ ਤਿੰਨ ਗੇਂਦਾਂ ਬਾਅਦ ਉਸ ਨੇ ਰੋਵਮੈਨ ਪਾਵੇਲ ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ। ਯੁਜਵੇਂਦਰ ਚਾਹਲ ਨੇ ਭਾਰਤੀ ਟੀਮ ਦੀ ਕੈਪ ਬਿਸ਼ਨੋਈ ਨੂੰ ਦਿੱਤੀ।
ਬਿਸ਼ਨੋਈ ਨੇ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਹੈ। ਉਸ ਨੇ ਖੁਦ ਖੇਤ ‘ਚ ਪਿੱਚਾਂ ਬਣਾਈਆਂ ਅਤੇ ਉਥੇ ਅਭਿਆਸ ਕਰਕੇ ਲੈੱਗ ਸਪਿਨ ਗੇਂਦਬਾਜ਼ੀ ਸਿੱਖੀ। ਬਿਸ਼ਨੋਈ ਅਤੇ ਉਸਦੇ ਸਾਥੀ ਖੁਦ ਮੈਦਾਨ ਦੀ ਦੇਖ-ਰੇਖ ਕਰਦੇ ਸਨ। ਇਹ ਸਾਰਾ ਕੰਮ ਖਿਡਾਰੀਆਂ ਨੂੰ ਮੈਦਾਨ ‘ਚ ਪਾਣੀ ਦੇਣ ਅਤੇ ਪਿੱਚ ਬਣਾਉਣ ਲਈ ਕਰਨਾ ਪੈਂਦਾ ਸੀ। ਬਿਸ਼ਨੋਈ ਨੇ ਅੰਡਰ-19 ਵਿਸ਼ਵ ਕੱਪ 2020 ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ । ਉਹ ਇਸ ਟੂਰਨਾਮੈਂਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਉਸ ਨੇ ਫਾਈਨਲ ਮੈਚ ‘ਚ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਤੋਂ ਬਾਅਦ ਉਸ ਨੇ ਆਈਪੀਐਲ ‘ਚ ਵੀ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ।