Site icon TheUnmute.com

IND vs WI: ਵੈਸਟਇੰਡੀਜ਼ ਖ਼ਿਲਾਫ਼ ਲਗਾਤਾਰ ਦੂਜਾ ਟੀ-20 ਹਾਰਨ ਤੋਂ ਬਾਅਦ ਬੱਲੇਬਾਜ਼ਾਂ ‘ਤੇ ਭੜਕੇ ਹਾਰਦਿਕ ਪੰਡਯਾ

IND vs WI

ਚੰਡੀਗੜ੍ਹ, 07 ਅਗਸਤ 2023:(IND vs WI) ਭਾਰਤ ਨੂੰ ਵੈਸਟਇੰਡੀਜ਼ ਖ਼ਿਲਾਫ਼ ਲਗਾਤਾਰ ਦੂਜੇ ਟੀ-20 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਤ੍ਰਿਨੀਦਾਦ ਵਿੱਚ ਖੇਡੇ ਗਏ ਪਹਿਲੇ ਟੀ-20 ਵਿੱਚ ਵਿੰਡੀਜ਼ ਨੇ ਚਾਰ ਦੌੜਾਂ ਨਾਲ ਅਤੇ ਗੁਆਨਾ ਵਿੱਚ ਖੇਡੇ ਗਏ ਦੂਜੇ ਟੀ-20 ਵਿੱਚ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਹਾਰ ਤੋਂ ਬਾਅਦ ਭਾਰਤੀ ਟੀਮ ਦੀਆਂ ਤਿਆਰੀਆਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ, 2024 ਵਿੱਚ ਵੈਸਟਇੰਡੀਜ਼ ਅਤੇ ਅਮਰੀਕਾ ਦੀ ਸਹਿ ਮੇਜ਼ਬਾਨੀ ਵਿੱਚ ਟੀ-20 ਵਿਸ਼ਵ ਕੱਪ ਖੇਡਿਆ ਜਾਣਾ ਹੈ। ਇਸ ਸੀਰੀਜ਼ ਨੂੰ ਭਾਰਤੀ ਟੀਮ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਸੀ। ਹਾਰ ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ (Hardik Pandya) ਨੇ ਬੱਲੇਬਾਜ਼ਾਂ ‘ਤੇ ਹਮਲਾ ਬੋਲਿਆ।

ਦੂਜੇ ਟੀ-20 ਤੋਂ ਬਾਅਦ ਕਪਤਾਨ ਹਾਰਦਿਕ ਨੇ ਕਿਹਾ ਕਿ ਜੇਕਰ ਮੈਂ ਇਮਾਨਦਾਰੀ ਨਾਲ ਕਹਾਂ ਤਾਂ ਸਾਡੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਅਸੀਂ ਬਿਹਤਰ ਬੱਲੇਬਾਜ਼ੀ ਕਰ ਸਕਦੇ ਸੀ। 160+ ਜਾਂ 170 ਇੱਕ ਚੰਗਾ ਸਕੋਰ ਹੋਣਾ ਸੀ। ਵੈਸਟਇੰਡੀਜ਼ ਦੇ ਬੱਲੇਬਾਜ਼ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕਰ ਰਹੇ ਹਨ, ਉਸ ਨਾਲ ਸਪਿਨਰਾਂ ਨੂੰ ਘੁੰਮਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਨਿਕੋਲਸ ਪੂਰਨ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਉਸ ਨੇ ਮੈਚ ਨੂੰ ਕਾਫੀ ਹੱਦ ਤੱਕ ਵੈਸਟਇੰਡੀਜ਼ ਦੇ ਪੱਖ ‘ਚ ਕਰ ਦਿੱਤਾ।

ਹਾਰਦਿਕ ਪੰਡਯਾ (Hardik Pandya) ਨੇ ਕਿਹਾ ਕਿ ਮੌਜੂਦਾ ਟੀਮ ਕੋਨਬੀਨੇਸ਼ਨ ਦੇ ਨਾਲ, ਸਾਨੂੰ ਚੋਟੀ ਦੇ ਸੱਤ ਬੱਲੇਬਾਜ਼ਾਂ ‘ਤੇ ਭਰੋਸਾ ਕਰਨਾ ਹੋਵੇਗਾ ਕਿ ਉਹ ਚੰਗਾ ਪ੍ਰਦਰਸ਼ਨ ਕਰਨਗੇ। ਇਸਦੇ ਨਾਲ ਹੀ ਤੁਹਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਗੇਂਦਬਾਜ਼ ਤੁਹਾਨੂੰ ਮੈਚ ਜਿੱਤਾਉਣਗੇ । ਸਾਨੂੰ ਇਹ ਯਕੀਨੀ ਬਣਾਉਣ ਦੇ ਤਰੀਕੇ ਲੱਭਣੇ ਹੋਣਗੇ ਕਿ ਸਾਡੇ ਕੋਲ ਸਹੀ ਟੀਮ ਸੰਤੁਲਨ ਹੈ, ਪਰ ਇਸ ਦੇ ਨਾਲ ਹੀ ਬੱਲੇਬਾਜ਼ਾਂ ਨੂੰ ਹੋਰ ਜ਼ਿੰਮੇਵਾਰੀ ਲੈਣ ਦੀ ਲੋੜ ਹੈ। ਹਾਰਦਿਕ ਨੇ ਤਿਲਕ ਵਰਮਾ ਦੀ ਤਾਰੀਫ ਕੀਤੀ ਹੈ ।

Exit mobile version