ਚੰਡੀਗੜ੍ਹ 12 ਜਨਵਰੀ 2023: (IND vs SL 2nd ODI) ਭਾਰਤ ਅਤੇ ਸ਼੍ਰੀਲੰਕਾ (Sri Lanka) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਯਾਨੀ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ (India) ਪਹਿਲਾ ਵਨਡੇ 67 ਦੌੜਾਂ ਨਾਲ ਆਸਾਨੀ ਨਾਲ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ।
ਅਜਿਹੇ ‘ਚ ਰੋਹਿਤ ਸ਼ਰਮਾ ਦੀ ਟੀਮ ਇੰਡੀਆ ਦੂਜਾ ਮੈਚ ਜਿੱਤ ਕੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾਉਣਾ ਚਾਹੇਗੀ। ਇਸ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਤੋਂ ਦੂਜੇ ਵਨਡੇ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ, ਜਿਨ੍ਹਾਂ ਨੇ ਪਹਿਲੇ ਮੈਚ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ।
ਸ਼੍ਰੀਲੰਕਾ ਦੀ ਟੀਮ ‘ਚ ਦੋ ਬਦਲਾਅ ਕੀਤੇ ਗਏ ਹਨ। ਨੁਵਾਨਿਦੁ ਫਰਨਾਂਡੋ ਅੱਜ ਜ਼ਖਮੀ ਪਥੁਮ ਨਿਸਾਂਕਾ ਦੀ ਥਾਂ ‘ਤੇ ਡੈਬਿਊ ਕਰੇਗਾ ਜਦਕਿ ਲਾਹਿਰੂ ਕੁਮਾਰਾ ਨੂੰ ਦਿਲਸ਼ਾਨ ਮਦੁਸ਼ੰਕਾ ਦੀ ਥਾਂ ‘ਤੇ ਲਿਆਂਦਾ ਗਿਆ ਹੈ। ਭਾਰਤੀ ਟੀਮ (India) ‘ਚ ਇਕ ਬਦਲਾਅ ਕੀਤਾ ਗਿਆ ਹੈ। ਯੁਜਵੇਂਦਰ ਚਾਹਲ ਦੀ ਥਾਂ ਕੁਲਦੀਪ ਯਾਦਵ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਚਾਹਲ ਨੂੰ ਪਿਛਲੇ ਵਨਡੇ ‘ਚ ਫੀਲਡਿੰਗ ਦੌਰਾਨ ਸੱਟ ਲੱਗ ਗਈ ਸੀ, ਉਹ ਅਜੇ ਤੱਕ ਉਭਰ ਨਹੀਂ ਸਕੇ ਹਨ।