Site icon TheUnmute.com

IND vs SA: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 6 ਸਾਲ ਬਾਅਦ ਸੈਂਚੁਰੀਅਨ ‘ਚ ਟੀ-20 ਮੁਕਾਬਲਾ

IND vs SA

ਚੰਡੀਗੜ੍ਹ, 13 ਨਵੰਬਰ 2024: IND vs SA 3rd T20 MATCH LIVE: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਸੈਂਚੁਰੀਅਨ ‘ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8:30 ਵਜੇ ਸ਼ੁਰੂ ਹੋਵੇਗਾ | ਦੋਵੇਂ ਟੀਮਾਂ ਵਿਚਾਲੇ ਟਾਸ ਰਾਤ 8 ਵਜੇ ਹੋਵੇਗਾ।

ਤੀਜੇ ਟੀ-20 ਮੈਚ ‘ਚ ਦੋਵੇਂ ਟੀਮਾਂ ਜਿੱਤ ਦਰਜ ਕਰਕੇ ਟੀ-20 ਸੀਰੀਜ਼ ‘ਚ ਬੜ੍ਹਤ ਬਣਾਉਣ ਲਈ ਮੈਦਾਨ ‘ਤੇ ਉਤਰਨਗੀਆਂ | ਭਾਰਤੀ ਟੀਮ ਨੇ ਭਾਰਤੀ ਵਿਕਟਕੀਪਰ ਸੰਜੂ ਸੈਮਸਨ ਦੀ ਧਾਕੜ ਬੱਲੇਬਾਜ਼ੀ ਸਦਕਾ ਪਹਿਲਾ ਟੀ-20 ਮੈਚ ਜਿੱਤ ਲਿਆ ਸੀ |

ਇਸਤੋਂ ਬਾਅਦ ਦੱਖਣੀ ਅਫਰੀਕਾ ਨੇ ਸ਼ਾਨਦਾਰ ਵਾਪਸੀ ਕਰਦਿਆਂ ਦੂਜਾ ਮੈਚ 3 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ ਸੀ | ਭਾਰਤੀ ਬੱਲੇਬਾਜ਼ ਦੂਜੇ ਮੈਚ ‘ਚ ਸੰਘਰਸ਼ ਕਰਦੇ ਨਜ਼ਰ ਆਏ |

ਡਰਬਨ ‘ਚ ਖੇਡੇ ਗਏ ਪਹਿਲੇ ਮੈਚ ‘ਚ ਸੈਮਸਨ ਨੇ 50 ਗੇਂਦਾਂ ‘ਤੇ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜਿਸ ਦੀ ਬਦੌਲਤ ਭਾਰਤ ਨੇ ਇਹ ਮੈਚ 61 ਦੌੜਾਂ ਨਾਲ ਜਿੱਤ ਲਿਆ। ਹੋਰ ਭਾਰਤੀ ਬੱਲੇਬਾਜ਼ ਕਾਫੀ ਯੋਗਦਾਨ ਨਹੀਂ ਦੇ ਸਕੇ, ਜੋ ਟੀਮ ਪ੍ਰਬੰਧਨ ਲਈ ਚਿੰਤਾ ਦਾ ਵਿਸ਼ਾ ਹੋਵੇਗਾ।

ਅਭਿਸ਼ੇਕ ਇਸ ਸਾਲ ਦੀ ਸ਼ੁਰੂਆਤ ‘ਚ ਜ਼ਿੰਬਾਬਵੇ ਖਿਲਾਫ਼ ਸੈਂਕੜਾ ਲਗਾਉਣ ਤੋਂ ਬਾਅਦ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਭਾਰਤ ਦੇ ਪਲੇਇੰਗ 11 ‘ਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਅਭਿਸ਼ੇਕ ਦੇ ਪ੍ਰਦਰਸ਼ਨ ‘ਚ ਨਿਰੰਤਰਤਾ ਦੀ ਕਮੀ ਨੂੰ ਦੇਖ ਕੇ ਟੀਮ ਪ੍ਰਬੰਧਨ ਨਿਰਾਸ਼ ਹੋਵੇਗਾ। ਖਾਸ ਤੌਰ ‘ਤੇ ਜਦੋਂ ਉਹ ਰੋਹਿਤ ਸ਼ਰਮਾ ਦੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇਸ ਛੋਟੇ ਫਾਰਮੈਟ ‘ਚ ਸਲਾਮੀ ਬੱਲੇਬਾਜ਼ ਲਈ ਹੋਰ ਵਿਕਲਪਾਂ ਦੀ ਤਲਾਸ਼ ਕਰ ਰਿਹਾ ਹੈ।

ਜਿਕਰਯੋਗ ਹੈ ਕਿ ਭਾਰਤ 6 ਸਾਲ ਬਾਅਦ ਇੱਥੇ ਟੀ-20 ਮੈਚ ਖੇਡੇਗਾ ਅਤੇ 2018 ‘ਚ ਟੀਮ ਘਰੇਲੂ ਟੀਮ ਤੋਂ ਹਾਰ ਗਈ ਸੀ। ਟੀ-20 ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਸੀਰੀਜ਼ (IND vs SA) ਦਾ ਆਖਰੀ ਮੈਚ 15 ਨਵੰਬਰ ਨੂੰ ਜੋਹਾਨਸਬਰਗ ‘ਚ ਖੇਡਿਆ ਜਾਵੇਗਾ।

 

Exit mobile version