ਚੰਡੀਗੜ੍ਹ, 09 ਨਵੰਬਰ 2024: IND vs SA 2sT T20 MATCH LIVE: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਭਾਰਤ ਦੇ ਨਾਂ ਰਿਹਾ ਹੈ | ਭਾਰਤੀ ਵਿਕਟਕੀਪਰ ਸੰਜੂ ਸੈਮਸਨ ਦੀ ਧਾਕੜ ਬੱਲੇਬਾਜ਼ੀ ਸਦਕਾ ਭਾਰਤ ਨੂੰ ਜਿੱਤ ਮਿਲੀ | ਦੋਵਾਂ ਟੀਮਾਂ ਵਿਚਾਲੇ ਦੂਜਾ ਟੀ-20 ਮੈਚ ਭਲਕੇ ਖੇਡਿਆ ਜਾਵੇਗਾ | ਭਾਰਤ ਇਸ ਦੌਰਾਨ ਮੈਚ ਜਿੱਤ ਕੇ ਸੀਰੀਜ਼ ‘ਚ ਬੜ੍ਹਤ ਬਣਾਉਣਾ ਚਾਹੇਗੀ, ਉਥੇ ਹੀ ਦੱਖਣੀ ਅਫ਼ਰੀਕਾ ਹਾਰ ਦਾ ਬਦਲਾ ਲੈਣ ਉਤਰੇਗੀ |
ਦੋਵਾਂ ਟੀਮਾਂ ਵਿਚਾਲੇ ਇਸ ਸੀਰੀਜ਼ (IND vs SA) ਦਾ ਦੂਜਾ ਮੈਚ ਐਤਵਾਰ ਨੂੰ ਕੇਬਰਹਾ ‘ਚ ਖੇਡਿਆ ਜਾਵੇਗਾ। ਪਹਿਲੇ ਮੈਚ ‘ਚ ਸੈਂਕੜਾ ਲਗਾਉਣ ਵਾਲੇ ਸੰਜੂ ਸੈਮਸਨ ਇਕ ਵਾਰ ਫਿਰ ਬੱਲੇਬਾਜ਼ੀ ਦੱਖਣੀ ਅਫ਼ਰੀਕਾ ਟੀਮ ਲਈ ਪ੍ਰੇਸ਼ਾਨੀ ਬਣ ਸਕਦੇ ਹਨ । ਇਸ ਦੇ ਨਾਲ ਹੀ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਤੋਂ ਵੀ ਮਜ਼ਬੂਤ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ।
ਡਰਬਨ ‘ਚ ਖੇਡੇ ਗਏ ਪਹਿਲੇ ਮੈਚ ‘ਚ ਸੈਮਸਨ ਨੇ 50 ਗੇਂਦਾਂ ‘ਤੇ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜਿਸ ਦੀ ਬਦੌਲਤ ਭਾਰਤ ਨੇ ਇਹ ਮੈਚ 61 ਦੌੜਾਂ ਨਾਲ ਜਿੱਤ ਲਿਆ। ਹੋਰ ਭਾਰਤੀ ਬੱਲੇਬਾਜ਼ ਕਾਫੀ ਯੋਗਦਾਨ ਨਹੀਂ ਦੇ ਸਕੇ, ਜੋ ਟੀਮ ਪ੍ਰਬੰਧਨ ਲਈ ਚਿੰਤਾ ਦਾ ਵਿਸ਼ਾ ਹੋਵੇਗਾ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਕਈ ਮੌਕੇ ਮਿਲਣ ਦੇ ਬਾਵਜੂਦ ਉਨ੍ਹਾਂ ਦਾ ਫਾਇਦਾ ਨਹੀਂ ਉਠਾ ਸਕੇ |
ਦੱਖਣੀ ਅਫਰੀਕਾ ਇਸ ਸਾਲ ਜੂਨ ਵਿੱਚ ਟੀ-20 ਵਿਸ਼ਵ ਕੱਪ ਫਾਈਨਲ ‘ਚ ਭਾਰਤ ਹੱਥੋਂ ਆਪਣੀ ਹਾਰ ਦਾ ਬਦਲਾ ਲੈਣ ‘ਚ ਨਾਕਾਮ ਰਿਹਾ ਸੀ। ਉਹ ਆਪਣੇ ਕਈ ਸੀਨੀਅਰ ਖਿਡਾਰੀਆਂ ਦੀ ਕਮੀ ਮਹਿਸੂਸ ਕਰ ਰਿਹਾ ਹੈ। ਜੇਕਰ ਦੱਖਣੀ ਅਫਰੀਕਾ ਨੇ ਭਾਰਤ ਦੀ ਜੇਤੂ ਮੁਹਿੰਮ ਨੂੰ ਰੋਕਣਾ ਹੈ ਤਾਂ ਉਸ ਦੇ ਨੌਜਵਾਨ ਖਿਡਾਰੀਆਂ ਨੂੰ ਕੌਮਾਂਤਰੀ ਕ੍ਰਿਕਟ ਦੇ ਮੁਤਾਬਕ ਪ੍ਰਦਰਸ਼ਨ ਕਰਨਾ ਹੋਵੇਗਾ।
ਅਭਿਸ਼ੇਕ ਇਸ ਸਾਲ ਦੀ ਸ਼ੁਰੂਆਤ ‘ਚ ਜ਼ਿੰਬਾਬਵੇ ਖਿਲਾਫ਼ ਸੈਂਕੜਾ ਲਗਾਉਣ ਤੋਂ ਬਾਅਦ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਭਾਰਤ ਦੇ ਪਲੇਇੰਗ 11 ‘ਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਅਭਿਸ਼ੇਕ ਦੇ ਪ੍ਰਦਰਸ਼ਨ ‘ਚ ਨਿਰੰਤਰਤਾ ਦੀ ਕਮੀ ਨੂੰ ਦੇਖ ਕੇ ਟੀਮ ਪ੍ਰਬੰਧਨ ਨਿਰਾਸ਼ ਹੋਵੇਗਾ। ਖਾਸ ਤੌਰ ‘ਤੇ ਜਦੋਂ ਉਹ ਰੋਹਿਤ ਸ਼ਰਮਾ ਦੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇਸ ਛੋਟੇ ਫਾਰਮੈਟ ‘ਚ ਸਲਾਮੀ ਬੱਲੇਬਾਜ਼ ਲਈ ਹੋਰ ਵਿਕਲਪਾਂ ਦੀ ਤਲਾਸ਼ ਕਰ ਰਿਹਾ ਹੈ।
ਪਹਿਲੇ ਮੈਚ ‘ਚ ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਗੁਆ ਕੇ 202 ਦੌੜਾਂ ਬਣਾਈਆਂ ਸਨ । ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 17.5 ਓਵਰਾਂ ‘ਚ 141 ਦੌੜਾਂ ‘ਤੇ ਆਊਟ ਕਰ ਦਿੱਤਾ। ਵਰੁਣ ਚੱਕਰਵਰਤੀ ਨੇ ਤਿੰਨ ਵਿਕਟਾਂ ਲੈ ਕੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਜਦਕਿ ਉਸ ਦੇ ਸਪਿਨ ਸਾਥੀ ਰਵੀ ਬਿਸ਼ਨੋਈ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ ਨੇ ਵੀ ਆਪਣੀ ਭੂਮਿਕਾ ਬਾਖੂਬੀ ਨਿਭਾਈ ਹੈ ।