ਚੰਡੀਗੜ੍ਹ, 31 ਅਗਸਤ, 2023: (IND vs PAK) ਸ਼ਾਹੀਨ ਅਫਰੀਦੀ ਨੇ ਆਪਣੇ ਏਸ਼ੀਆ ਕੱਪ 2023 ਦੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਪ੍ਰਦਰਸ਼ਨ ਨਾਲ ਕੀਤੀ। ਨੇਪਾਲ ਖ਼ਿਲਾਫ਼ ਪਹਿਲੇ ਮੈਚ ‘ਚ ਉਨ੍ਹਾਂ ਨੇ ਪਾਰੀ ਦੇ ਪਹਿਲੇ ਹੀ ਓਵਰ ‘ਚ ਦੋ ਵਿਕਟਾਂ ਲੈ ਕੇ ਨੇਪਾਲ ਦੇ ਬੱਲੇਬਾਜ਼ੀ ਕ੍ਰਮ ਨੂੰ ਦਬਾਅ ‘ਚ ਪਾ ਦਿੱਤਾ ਸੀ। 343 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਨੇਪਾਲ ਨੇ ਪਹਿਲੇ ਹੀ ਓਵਰ ਵਿੱਚ ਦੋ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਇਹ ਟੀਮ ਵਾਪਸੀ ਨਹੀਂ ਕਰ ਸਕੀ। ਅੰਤ ਵਿੱਚ ਪਾਕਿਸਤਾਨ (Pakistan) ਨੇ ਇਹ ਮੈਚ 238 ਦੌੜਾਂ ਨਾਲ ਜਿੱਤ ਲਿਆ। ਹਾਲਾਂਕਿ ਜਿੱਤ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਸ਼ੰਸਕ ਇਸ ਮੈਚ ਤੋਂ ਬਾਅਦ ਥੋੜੇ ਚਿੰਤਤ ਨਜ਼ਰ ਆਏ। ਕਿਉਂਕਿ ਸ਼ਾਹੀਨ ਅਫਰੀਦੀ ਨੇਪਾਲ ਦੀ ਪਾਰੀ ਦੇ 10ਵੇਂ ਓਵਰ ਦੌਰਾਨ ਜ਼ਖਮੀ ਹੋ ਗਏ ਸਨ।
ਅਫਰੀਦੀ ਨੂੰ ਸਪੋਰਟਸ ਸਟਾਫ ਫਿਜ਼ੀਓ ਦੀ ਮੱਦਦ ਨਾਲ ਮੈਦਾਨ ਤੋਂ ਬਾਹਰ ਕੱਢਿਆ ਗਿਆ। ਉਸ ਨੇ ਇਸ ਸਾਲ ਪਾਕਿਸਤਾਨ ਸੁਪਰ ਲੀਗ ਰਾਹੀਂ ਵਾਪਸੀ ਕੀਤੀ। ਸ਼ਾਹੀਨ ਅਫਰੀਦੀ 2022 ਟੀ-20 ਵਿਸ਼ਵ ਕੱਪ ਤੋਂ ਬਾਅਦ ਗੋਡੇ ਦੀ ਸੱਟ ਨਾਲ ਜੂਝ ਰਹੇ ਹਨ। ਅਜਿਹੇ ‘ਚ ਉਸ ਨੂੰ ਫਿਜ਼ੀਓ ਨਾਲ ਮੈਦਾਨ ਤੋਂ ਬਾਹਰ ਜਾਂਦੇ ਦੇਖ ਪਾਕਿਸਤਾਨੀ ਪ੍ਰਸ਼ੰਸਕ ਘਬਰਾ ਗਏ। ਅਫਰੀਦੀ ਨੂੰ ਸੱਟ ਕਿਉਂ ਲੱਗੀ, ਇਹ ਸਪੱਸ਼ਟ ਨਹੀਂ ਹੈ ਪਰ ਉਸ ਦੀ ਸੱਟ ਪਾਕਿਸਤਾਨ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ।
ਪਾਕਿਸਤਾਨ (Pakistan) ਦਾ ਅਗਲਾ ਮੈਚ ਏਸ਼ੀਆ ਕੱਪ ‘ਚ ਭਾਰਤ ਨਾਲ ਹੈ ਅਤੇ ਸ਼ਾਹੀਨ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ੀ ਹਮਲੇ ਦਾ ਸਭ ਤੋਂ ਮਹੱਤਵਪੂਰਨ ਮੈਂਬਰ ਹਨ। ਉਨ੍ਹਾਂ ਤੋਂ ਇਲਾਵਾ ਨਸੀਮ ਸ਼ਾਹ ਅਤੇ ਹੈਰਿਸ ਰਾਊਫ ਇਸ ਤਿਕੜੀ ਦਾ ਹਿੱਸਾ ਹਨ। ਅਫਰੀਦੀ ਦੇ ਮੈਦਾਨ ਛੱਡਣ ਤੋਂ ਬਾਅਦ ਕਮੈਂਟੇਟਰ ਐਂਡੀ ਫਲਾਵਰ ਅਤੇ ਵਕਾਰ ਯੂਨਿਸ ਵੀ ਚਿੰਤਤ ਨਜ਼ਰ ਆਏ।