ਚੰਡੀਗੜ੍ਹ, 08 ਜੂਨ 2024: ਟੀ-20 ਵਿਸ਼ਵ ਕੱਪ ਦਾ ਮੈਚ ਐਤਵਾਰ ਨੂੰ ਨਿਊਯਾਰਕ ਦੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਭਾਰਤ ਅਤੇ ਪਾਕਿਸਤਾਨ (IND vs PAK) ਵਿਚਾਲੇ ਖੇਡਿਆ ਜਾਣਾ ਹੈ ਪਰ ਇਸ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਸੱਟ ਨੇ ਟੀਮ ਦੀ ਚਿੰਤਾ ਵਧਾ ਦਿੱਤੀ ਹੈ। ਰੋਹਿਤ ਅਭਿਆਸ ਸੈਸ਼ਨ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਏ।
ਦਰਅਸਲ ਅਭਿਆਸ ਦੌਰਾਨ ਰੋਹਿਤ ਦੇ ਹੱਥ ‘ਚ ਗੇਂਦ ਲੱਗ ਗਈ ਪਰ ਕਪਤਾਨ ਨੇ ਬੱਲੇਬਾਜ਼ੀ ਜਾਰੀ ਰੱਖੀ, ਜਿਸ ਕਾਰਨ ਟੀਮ ਸਮੇਤ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੇ ਸੁੱਖ ਦਾ ਸਾਹ ਲਿਆ। ਵਿਰੋਧੀ ਪਾਕਿਸਤਾਨ ਦੇ ਖ਼ਿਲਾਫ਼ੀ ਰੋਹਿਤ ਸ਼ਰਮਾ ਦੀ ਉਪਲਬਧਤਾ ਟੀਮ ਲਈ ਬਹੁਤ ਮਹੱਤਵਪੂਰਨ ਹੈ।
ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਖ਼ਿਲਾਫ਼ ਅਹਿਮ ਮੈਚ (IND vs PAK) ਤੋਂ ਪਹਿਲਾਂ ਤਿੰਨ ਘੰਟੇ ਤੱਕ ਜ਼ੋਰਦਾਰ ਅਭਿਆਸ ਕੀਤਾ। ਇਸ ਦੌਰਾਨ ਵਿਰਾਟ ਕੋਹਲੀ ਕਾਫ਼ੀ ਕੂਲ ਨਜ਼ਰ ਆਏ। ਇਸ ਮੈਚ ‘ਚ ਭਾਰਤੀ ਟੀਮ ਦਾ ਟੀਚਾ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਦਾ ਹੋਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਆਪਣੀ ਪਹਿਲੀ ਜਿੱਤ ਦੀ ਨਜ਼ਰ ਹੋਵੇਗੀ। ਹਾਲ ਹੀ ‘ਚ ਬਾਬਰ ਆਜ਼ਮ ਦੀ ਟੀਮ ਨੂੰ ਅਮਰੀਕਾ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜਿਕਰਯੋਗ ਹੈ ਕਿ ਪਹਿਲੀ ਵਾਰ 2007 ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਮੈਚ ਖੇਡਿਆ ਗਿਆ ਸੀ। ਡਰਬਨ ‘ਚ ਖੇਡਿਆ ਗਿਆ ਇਹ ਮੈਚ ਬਰਾਬਰੀ ‘ਤੇ ਰਿਹਾ ਪਰ ਭਾਰਤ ਨੇ ਬਾਊਲ ਆਊਟ ਕਰਕੇ ਮੈਚ ਜਿੱਤ ਲਿਆ।