ਚੰਡੀਗੜ੍ਹ, 14 ਨਵੰਬਰ 2023: (IND vs NZ) ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। ਭਾਰਤੀ ਟੀਮ ਨੇ ਲੀਗ ਪੜਾਅ ‘ਚ ਅਜੇਤੂ ਰਹੀ ਅਤੇ ਆਪਣੇ ਸਾਰੇ ਮੈਚ ਜਿੱਤ ਕੇ 18 ਅੰਕਾਂ ਨਾਲ ਅੰਕ ਸੂਚੀ ‘ਚ ਚੋਟੀ ‘ਤੇ ਰਹਿ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੂੰ ਚਾਰ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੀਵੀ ਟੀਮ ਨੇ 10 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਰਹਿ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ।
ਭਾਰਤ ਨੇ ਇਸ ਵਿਸ਼ਵ ਕੱਪ ਦੇ ਆਪਣੇ ਪੰਜਵੇਂ ਮੈਚ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ । ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ ਸਾਰੀਆਂ 10 ਵਿਕਟਾਂ ਗੁਆ ਕੇ 273 ਦੌੜਾਂ ਬਣਾਈਆਂ।
ਭਾਰਤੀ ਟੀਮ ਨੇ 2019 ਵਿਸ਼ਵ ਕੱਪ ਦੇ ਸੈਮੀਫਾਈਨਲ (IND vs NZ) ਵਿੱਚ ਵੀ ਇਸੇ ਟੀਮ ਦਾ ਸਾਹਮਣਾ ਕੀਤਾ ਸੀ ਅਤੇ ਲੋਕ ਅੱਜ ਵੀ ਉਸ ਦੀ ਹਾਰ ਨੂੰ ਯਾਦ ਕਰਦੇ ਹਨ। ਅਜਿਹੇ ‘ਚ ਭਾਰਤੀ ਟੀਮ ਹਾਰ ਦਾ ਬਦਲਾ ਲੈਣ ਲਈ ਇਸ ਮੈਚ ‘ਚ ਉਤਰੇਗੀ। ਇਹ ਮੈਚ ਕਾਫੀ ਮੁਸ਼ਕਲ ਹੋਣ ਵਾਲਾ ਹੈ ਕਿਉਂਕਿ ਕੀਵੀ ਟੀਮ ਕਾਫੀ ਮਜ਼ਬੂਤ ਹੈ। ਹਾਲਾਂਕਿ ਪਿਛਲੇ ਪੰਜ ‘ਚੋਂ ਚਾਰ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੇਨ ਵਿਲੀਅਮਸਨ ਦੀ ਵਾਪਸੀ ਨੇ ਇਸ ਟੀਮ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰ ਦਿੱਤਾ ਹੈ।
ਸੈਮੀਫਾਈਨਲ ‘ਚ ਸਖਤ ਚੁਣੌਤੀ ਦੇ ਮੱਦੇਨਜ਼ਰ ਭਾਰਤੀ ਕੋਚਿੰਗ ਸਟਾਫ ਤੁਰੰਤ ਕੰਮ ‘ਚ ਜੁੱਟ ਗਿਆ ਹੈ। ਭਾਰਤੀ ਕੋਚ ਨੇ ਨਿਊਜ਼ੀਲੈਂਡ ਵਿਰੁੱਧ ਆਪਣੇ ਅਹਿਮ ਸੈਮੀਫਾਈਨਲ ਲਈ ਮੁੰਬਈ ਪਹੁੰਚਣ ਤੋਂ ਤੁਰੰਤ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ, ਗੇਂਦਬਾਜ਼ੀ ਕੋਚ ਪਾਰਸ ਮਾਮਬਰੇ ਅਤੇ ਫੀਲਡਿੰਗ ਕੋਚ ਟੀ ਦਿਲੀਪ ਦੇ ਨਾਲ ਵਾਨਖੇੜੇ ਸਟੇਡੀਅਮ ਦੀ ਪਿੱਚ ਦਾ ਨਿਰੀਖਣ ਕੀਤਾ ਹੈ ।