ਚੰਡੀਗੜ੍ਹ 18 ਜਨਵਰੀ 2023: (IND vs NZ) ਭਾਰਤੀ ਟੀਮ ਹੁਣ ਸ਼੍ਰੀਲੰਕਾ ਤੋਂ ਬਾਅਦ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰੇਗੀ। ਦੋਵਾਂ ਟੀਮਾਂ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ ਬੁੱਧਵਾਰ (18 ਜਨਵਰੀ) ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ।
ਭਾਰਤੀ ਟੀਮ ਦੀ ਨਜ਼ਰ ਇਸ ਸਾਲ ਲਗਾਤਾਰ ਦੂਜੀ ਵਨਡੇ ਸੀਰੀਜ਼ ਜਿੱਤਣ ‘ਤੇ ਹੋਵੇਗੀ। ਭਾਰਤੀ ਟੀਮ ਨੇ ਆਪਣੇ ਘਰੇਲੂ ਮੈਦਾਨ ‘ਤੇ ਨਿਊਜ਼ੀਲੈਂਡ ਖ਼ਿਲਾਫ਼ ਕਦੇ ਵੀ ਵਨਡੇ ਸੀਰੀਜ਼ ਨਹੀਂ ਹਾਰੀ ਹੈ। ਦੋਵਾਂ ਵਿਚਾਲੇ 1988 ਤੋਂ ਬਾਅਦ ਭਾਰਤ ਦੀ ਧਰਤੀ ‘ਤੇ ਛੇ ਸੀਰੀਜ਼ ਹੋ ਚੁੱਕੀਆਂ ਹਨ। ਭਾਰਤੀ ਟੀਮ ਹਰ ਵਾਰ ਜਿੱਤ ਦਰਜ ਕਰਨ ‘ਚ ਸਫਲ ਰਹੀ ਹੈ।
ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਭਾਰਤ ਪਿਛਲੀਆਂ ਦੋ ਵਨਡੇ ਸੀਰੀਜ਼ ‘ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਨਹੀਂ ਜਿੱਤ ਸਕਿਆ ਸੀ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 16 ਵਨਡੇ ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਭਾਰਤ ਨੇ ਅੱਠ ਅਤੇ ਨਿਊਜ਼ੀਲੈਂਡ ਨੇ ਛੇ ਜਿੱਤੇ ਹਨ। ਦੋ ਸੀਰੀਜ਼ ਡਰਾਅ ਹੋ ਗਈਆਂ ਹਨ।
ਜੇਕਰ ਹੈਦਰਾਬਾਦ ‘ਚ ਭਾਰਤੀ ਟੀਮ ਦੇ ਵਨਡੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਉਹ ਇੱਥੇ ਹੁਣ ਤੱਕ 6 ਮੈਚ ਖੇਡ ਚੁੱਕੀ ਹੈ। ਭਾਰਤ ਨੇ ਤਿੰਨ ਮੈਚ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਇੱਥੇ ਆਸਟਰੇਲੀਆ, ਸ਼੍ਰੀਲੰਕਾ ਅਤੇ ਇੰਗਲੈਂਡ ਖ਼ਿਲਾਫ਼ ਪਿਛਲੇ ਤਿੰਨ ਮੈਚ ਜਿੱਤੇ ਸਨ। ਇਸ ਦੇ ਨਾਲ ਹੀ ਪਹਿਲੇ ਤਿੰਨ ਵਨਡੇ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।