ਚੰਡੀਗੜ੍ਹ, 7 ਮਾਰਚ 2024: ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਅੱਜ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਐਚਪੀਸੀਏ ਸਟੇਡੀਅਮ, ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਫਿਲਹਾਲ ਸੀਰੀਜ਼ ‘ਚ 3-1 ਨਾਲ ਅੱਗੇ ਹੈ। ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗੀ।
ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ਦਾ 18ਵਾਂ ਅਰਧ ਸੈਂਕੜਾ 77 ਗੇਂਦਾਂ ਵਿੱਚ ਪੂਰਾ ਕੀਤਾ। ਉਸ ਨਾਲ ਸ਼ੁਭਮਨ ਗਿੱਲ ਬੱਲੇਬਾਜ਼ੀ ਕਰ ਰਹੇ ਹਨ। ਭਾਰਤ ਦਾ ਸਕੋਰ ਇਕ ਵਿਕਟ ‘ਤੇ 122 ਦੌੜਾਂ ਹੈ। ਯਸ਼ਸਵੀ 57 ਦੌੜਾਂ ਬਣਾ ਕੇ ਸ਼ੋਏਬ ਬਸ਼ੀਰ ਦਾ ਸ਼ਿਕਾਰ ਬਣੇ। ਭਾਰਤ ਅਜੇ ਵੀ ਇੰਗਲੈਂਡ ਤੋਂ 96 ਦੌੜਾਂ ਪਿੱਛੇ ਹੈ।
ਇੰਗਲੈਂਡ ਦੀ ਪਹਿਲੀ ਪਾਰੀ (IND vs ENG) 218 ਦੌੜਾਂ ‘ਤੇ ਸਿਮਟ ਗਈ ਸੀ। ਕੁਲਦੀਪ ਯਾਦਵ ਨੇ ਪੰਜ ਵਿਕਟਾਂ ਲਈਆਂ। ਇਸ ਦੇ ਨਾਲ ਹੀ ਆਪਣਾ 100ਵਾਂ ਟੈਸਟ ਖੇਡ ਰਹੇ ਰਵੀਚੰਦਰਨ ਅਸ਼ਵਿਨ ਨੇ ਚਾਰ ਵਿਕਟਾਂ ਲਈਆਂ। ਇੰਗਲੈਂਡ ਲਈ ਜੈਕ ਕਰਾਊਲੀ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੂੰ ਇਕ ਵਿਕਟ ਮਿਲੀ। ਮਤਲਬ ਇੰਗਲੈਂਡ ਦੀਆਂ ਸਾਰੀਆਂ 10 ਵਿਕਟਾਂ ਭਾਰਤੀ ਸਪਿਨਰਾਂ ਨੇ ਲਈਆਂ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਰਹੀ। ਬੇਨ ਡਕੇਟ ਅਤੇ ਜੈਕ ਕਰਾਊਲੀ ਨੇ ਪਹਿਲੀ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਕੁਲਦੀਪ ਨੇ ਇਸ ਸਾਂਝੇਦਾਰੀ ਨੂੰ ਤੋੜਿਆ। ਉਸ ਨੇ ਡਕੇਟ ਨੂੰ ਸ਼ੁਭਮਨ ਗਿੱਲ ਹੱਥੋਂ ਕੈਚ ਕਰਵਾਇਆ।