ਚੰਡੀਗੜ੍ਹ 05 ਜੁਲਾਈ 2022: (IND vs ENG) ਇੰਗਲੈਂਡ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ‘ਚ ਭਾਰਤ ਨੂੰ 7 ਵਿਕਟਾਂ ਨਾਲ ਹਰ ਦਿੱਤਾ। ਇਸ ਨਾਲ ਸੀਰੀਜ਼ 2-2 ਨਾਲ ਡਰਾਅ ਹੋ ਗਈ। ਇੰਗਲੈਂਡ ਨੂੰ ਮੈਚ ਜਿੱਤਣ ਲਈ 378 ਦੌੜਾਂ ਦਾ ਟੀਚਾ ਮਿਲਿਆ ਸੀ। ਜੋ ਰੂਟ ਅਤੇ ਜੌਨੀ ਬੇਅਰਸਟੋ ਨੇ ਸੈਂਕੜੇ ਲਗਾ ਕੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਭਾਰਤ ਨੇ ਮੈਚ ਵਿੱਚ ਚੰਗੀ ਸ਼ੁਰੂਆਤ ਕਰਦਿਆਂ ਰਿਸ਼ਭ ਪੰਤ-ਰਵਿੰਦਰ ਜਡੇਜਾ ਦੇ ਸੈਂਕੜੇ ਦੀ ਬਦੌਲਤ ਪਹਿਲੀ ਪਾਰੀ ਵਿੱਚ 416 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 284 ਦੌੜਾਂ ਹੀ ਬਣਾ ਸਕੀ ਅਤੇ 132 ਦੌੜਾਂ ਨਾਲ ਪਛੜ ਗਈ। ਇਸ ਤੋਂ ਬਾਅਦ ਭਾਰਤ ਨੇ ਦੂਜੀ ਪਾਰੀ ਵਿੱਚ 245 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਜਿੱਤ ਲਈ 378 ਦੌੜਾਂ ਦਾ ਟੀਚਾ ਦਿੱਤਾ।
ਇੰਗਲੈਂਡ ਨੇ ਜੋ ਰੂਟ ਅਤੇ ਜੌਨੀ ਬੇਅਰਸਟੋ ਦੇ ਨਾਬਾਦ ਸੈਂਕੜਿਆਂ ਦੀ ਬਦੌਲਤ ਟੀਚੇ ਦਾ ਪਿੱਛਾ ਕਰਦਿਆਂ ਤਿੰਨ ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਇਹ ਭਾਰਤ ਦੇ ਖਿਲਾਫ ਸਭ ਤੋਂ ਸਫਲ ਦੌੜਾਂ ਦਾ ਪਿੱਛਾ ਸੀ। ਇੰਗਲੈਂਡ ਦੀ ਟੀਮ ਨੇ ਬੇਨ ਸਟੋਕਸ ਦੀ ਕਪਤਾਨੀ ‘ਚ ਲਗਾਤਾਰ ਚੌਥਾ ਮੈਚ ਜਿੱਤਿਆ ਹੈ। ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਦੀ ਕਪਤਾਨੀ ਵਿੱਚ ਭਾਰਤ ਨੂੰ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।