ਚੰਡੀਗੜ੍ਹ 10 ਦਸੰਬਰ 2022: ਭਾਰਤ ਅਤੇ ਬੰਗਲਾਦੇਸ਼ (Bangladesh) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਮੈਚ ਚਟੋਗਰਾਮ ‘ਚ ਖੇਡਿਆ ਜਾ ਰਿਹਾ ਹੈ। ਈਸ਼ਾਨ ਕਿਸ਼ਨ ਨੇ ਆਪਣੇ ਵਨਡੇ ਕਰੀਅਰ ਦੀ ਨੌਵੀਂ ਪਾਰੀ ਵਿੱਚ ਪਹਿਲੀ ਵਾਰ ਸੈਂਕੜਾ ਜੜਿਆ ਹੈ। ਉਸ ਨੇ ਇਸ ਮੈਚ ‘ਚ 85 ਗੇਂਦਾਂ ‘ਚ ਆਪਣੀਆਂ 100 ਦੌੜਾਂ ਪੂਰੀਆਂ ਕੀਤੀਆਂ ਹਨ । ਰੋਹਿਤ ਦੀ ਥਾਂ ‘ਤੇ ਆਏ ਈਸ਼ਾਨ ਕਿਸ਼ਨ (Ishan Kishan) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਉਹ ਹੁਣ ਤੱਕ 15 ਚੌਕੇ ਅਤੇ ਦੋ ਛੱਕੇ ਲਗਾ ਚੁੱਕੇ ਹਨ। ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ 24 ਓਵਰਾਂ ‘ਚ 162 ਦੌੜਾਂ ਬਣਾ ਲਈਆਂ ਹਨ ਜਦਕਿ ਭਾਰਤ ਦੀਆਂ 9 ਵਿਕਟਾਂ ਬਾਕੀ ਹਨ।
ਈਸ਼ਾਨ ਕਿਸ਼ਨ (Ishan Kishan) ਅਤੇ ਵਿਰਾਟ ਕੋਹਲੀ ਵਿਚਾਲੇ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਦੋਵੇਂ ਬੱਲੇਬਾਜ਼ ਸ਼ਾਨਦਾਰ ਪ੍ਰਦਰਸ਼ਨ ‘ਚ ਨਜ਼ਰ ਆ ਰਹੇ ਹਨ ਅਤੇ ਭਾਰਤ ਦੇ ਸਕੋਰ ਨੂੰ ਤੇਜ਼ ਰਫਤਾਰ ਨਾਲ ਅੱਗੇ ਲੈ ਜਾ ਰਹੇ ਹਨ। ਖਾਸ ਤੌਰ ‘ਤੇ ਈਸ਼ਾਨ ਕਿਸ਼ਨ ਨੇ ਸੈਂਕੜਾ ਲਗਾਇਆ ਹੈ ਅਤੇ ਬਹੁਤ ਤੇਜ਼ ਰਫਤਾਰ ਨਾਲ ਦੌੜਾਂ ਬਣਾ ਰਿਹਾ ਹੈ। ਕੋਹਲੀ ਵੀ ਆਪਣੇ ਅਰਧ ਸੈਂਕੜੇ ਦੇ ਨੇੜੇ ਹਨ। ਭਾਰਤ ਦਾ ਸਕੋਰ 25 ਓਵਰਾਂ ਦੇ ਬਾਅਦ ਇੱਕ ਵਿਕਟ ਦੇ ਨੁਕਸਾਨ ‘ਤੇ 170 ਦੌੜਾਂ ਹੈ। ਟੀਮ ਇੰਡੀਆ ਤੇਜ਼ੀ ਨਾਲ ਵੱਡੇ ਸਕੋਰ ਵੱਲ ਵਧ ਰਹੀ ਹੈ।