ਚੰਡੀਗੜ੍ਹ, 13 ਫ਼ਰਵਰੀ 2023: (IND vs AUS) ਬਾਰਡਰ-ਗਾਵਸਕਰ ਟਰਾਫੀ ‘ਚ ਭਾਰਤ-ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਹੁਣ ਇੰਦੌਰ ‘ਚ ਹੋਵੇਗਾ। ਇਹ ਮੈਚ ਪਹਿਲਾਂ ਧਰਮਸ਼ਾਲਾ ਵਿੱਚ ਹੋਣਾ ਸੀ। ਉਥੇ ਕ੍ਰਿਕਟ ਮੈਚ ਖੇਡਣ ਲਈ ਹਾਲਾਤ ਅਨੁਕੂਲ ਨਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਬੋਰਡ ਨੇ ਕਿਹਾ ਕਿ ਪਹਾੜੀ ਇਲਾਕਿਆਂ ‘ਚ ਤਾਪਮਾਨ ਕਾਫੀ ਘੱਟ ਹੈ। ਇਸ ਕਾਰਨ ਹੁਣ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਸਰਾ ਟੈਸਟ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾਵੇਗਾ।
ਬੋਰਡ ਨੇ ਕਿਹਾ ਕਿ ਪਹਿਲਾਂ ਜੋ ਮੈਚ 1 ਤੋਂ 5 ਮਾਰਚ ਤੱਕ ਐਚਪੀਸੀਏ ਸਟੇਡੀਅਮ ਧਰਮਸ਼ਾਲਾ ਵਿੱਚ ਖੇਡਿਆ ਜਾਣਾ ਸੀ, ਉਸ ਨੂੰ ਹੁਣ ਹੋਲਕਰ ਸਟੇਡੀਅਮ, ਇੰਦੌਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਖੇਤਰ ਵਿੱਚ ਬਹੁਤ ਠੰਢ ਹੈ ਅਤੇ ਇਸ ਕਾਰਨ ਬਾਹਰੀ ਖੇਤਰ ਵਿੱਚ ਘਾਹ ਦੀ ਘਣਤਾ ਕਾਫ਼ੀ ਨਹੀਂ ਸੀ। ਘਾਹ ਲਗਾਉਣ ਵਿੱਚ ਵੀ ਲੰਬਾ ਸਮਾਂ ਲੱਗੇਗਾ। ਇਸ ਕਾਰਨ ਤੀਜੇ ਟੈਸਟ ਦਾ ਸਥਾਨ ਬਦਲਿਆ ਗਿਆ ਹੈ।