Site icon TheUnmute.com

IND vs AUS: ਬੁਮਰਾਹ ਤੇ ਆਕਾਸ਼ ਨੇ ਭਾਰਤ ਨੂੰ ਫਾਲੋਆਨ ਤੋਂ ਬਚਾਇਆ, ਚੌਥੇ ਦਿਨ ਦੀ ਖੇਡ ਸਮਾਪਤ

IND vs AUS

ਚੰਡੀਗੜ੍ਹ, 17 ਦਸੰਬਰ 2024: IND vs AUS Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਬ੍ਰਿਸਬੇਨਦੇ ਗਾਬਾ ‘ਚ ਖੇਡਿਆ ਜਾ ਰਿਹਾ ਹੈ। ਅੱਜ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਸਮਾਪਤ ਹੋ ਚੁੱਕੀ ਹੈ।

ਭਾਰਤ ਨੇ ਆਪਣੀ ਪਹਿਲੀ ਪਾਰੀ (IND vs AUS) ‘ਚ ਨੌਂ ਵਿਕਟਾਂ ਗੁਆ ਕੇ 252 ਦੌੜਾਂ ਬਣਾਈਆਂ ਹਨ। ਜਸਪ੍ਰੀਤ ਬੁਮਰਾਹ ਅਤੇ ਆਕਾਸ਼ ਦੀਪ ਦੀ ਸਾਹਸੀ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਫਾਲੋਆਨ ਬਚਾ ਲਿਆ ਹੈ, ਦੋਵੇਂ ਖਿਡਾਰੀ ਨਾਬਾਦ ਹਨ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਕੇਐਲ ਰਾਹੁਲ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਅਰਧ ਸੈਂਕੜੇ ਜੜੇ ।

ਆਕਾਸ਼ 27 ਦੌੜਾਂ ਅਤੇ ਬੁਮਰਾਹ 10 ਦੌੜਾਂ ਬਣਾ ਕੇ ਨਾਬਾਦ ਹਨ, ਹੁਣ ਤੱਕ ਦੋਵਾਂ ਵਿਚਾਲੇ 10ਵੀਂ ਵਿਕਟ ਲਈ 54 ਗੇਂਦਾਂ ‘ਚ 39 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ ਸਨ। ਇਸ ਲਿਹਾਜ਼ ਨਾਲ ਭਾਰਤੀ ਟੀਮ ਅਜੇ ਵੀ 193 ਦੌੜਾਂ ਪਿੱਛੇ ਹੈ। ਫਾਲੋਆਨ ਬਚਾਉਣ ਲਈ ਭਾਰਤ ਨੂੰ 246 ਦੌੜਾਂ ਬਣਾਉਣੀਆਂ ਪਈਆਂ।

ਜਿਵੇਂ ਹੀ ਆਕਾਸ਼ ਨੇ ਚੌਕਾ ਲਗਾ ਕੇ ਫਾਲੋਆਨ ਨੂੰ ਬਚਾਇਆ ਤਾਂ ਡਰੈਸਿੰਗ ਰੂਮ ‘ਚ ਮੌਜੂਦ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਨੇ ਜੋਸ਼ ‘ਚ ਆਪਣੀਆਂ ਕੁਰਸੀਆਂ ਤੋਂ ਛਾਲ ਮਾਰ ਕੇ ਖੁਸ਼ੀ ਜ਼ਾਹਿਰ ਕੀਤੀ। ਜਦੋਂ ਆਕਾਸ਼ ਅਤੇ ਬੁਮਰਾਹ ਡਰੈਸਿੰਗ ਰੂਮ ‘ਚ ਵਾਪਸ ਪਰਤ ਰਹੇ ਸਨ ਤਾਂ ਤਿੰਨਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ। ਪ੍ਰਸ਼ੰਸਕਾਂ ਨੇ ਦੋਵਾਂ ਲਈ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਹੁਣ ਇੱਕ ਦਿਨ ਦੀ ਖੇਡ ਬਾਕੀ ਹੈ ਅਤੇ ਇਹ ਟੈਸਟ ਡਰਾਅ ਵੱਲ ਵਧ ਰਿਹਾ ਹੈ।

ਜਿਕਰਯੋਗ ਹੈ ਕਿ ਭਾਰਤ ਨੇ ਅੱਜ ਚਾਰ ਵਿਕਟਾਂ ’ਤੇ 51 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਹਾਲਾਂਕਿ ਛੇਤੀ ਹੀ ਟੀਮ ਨੂੰ ਰੋਹਿਤ ਸ਼ਰਮਾ ਦੇ ਰੂਪ ‘ਚ ਪੰਜਵਾਂ ਝਟਕਾ ਲੱਗਾ। ਰੋਹਿਤ 10 ਦੌੜਾਂ ਬਣਾ ਕੇ ਕਮਿੰਸ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਰਾਹੁਲ ਨੇ ਜਡੇਜਾ ਨਾਲ 67 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਅਤੇ ਅੱਠ ਚੌਕਿਆਂ ਦੀ ਮੱਦਦ ਨਾਲ 139 ਗੇਂਦਾਂ ‘ਚ 84 ਦੌੜਾਂ ਬਣਾ ਕੇ ਆਊਟ ਹੋ ਗਿਆ।

ਇਸ ਤੋਂ ਬਾਅਦ ਨਿਤੀਸ਼ ਰੈਡੀ ਅਤੇ ਰਵਿੰਦਰ ਜਡੇਜਾ ਨੇ ਸੱਤਵੇਂ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਨਿਤੀਸ਼ 16 ਦੌੜਾਂ ਬਣਾ ਕੇ ਕਮਿੰਸ ਦੇ ਹੱਥੋਂ ਬੋਲਡ ਹੋ ਗਏ। ਇਸ ਦੇ ਨਾਲ ਹੀ ਸਿਰਾਜ ਇਕ ਦੌੜ ਹੀ ਬਣਾ ਸਕਿਆ। ਇਸ ਦੇ ਨਾਲ ਹੀ ਦੂਜੇ ਸਿਰੇ ‘ਤੇ ਮੌਜੂਦ ਜਡੇਜਾ ਨੇ ਆਪਣੇ ਟੈਸਟ ਕਰੀਅਰ ਦਾ 22ਵਾਂ ਅਰਧ ਸੈਂਕੜਾ ਲਗਾਇਆ। ਜਡੇਜਾ ਨੇ 123 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 77 ਦੌੜਾਂ ਦੀ ਪਾਰੀ ਖੇਡੀ।

Read More: IND vs AUS: ਗਾਬਾ ਟੈਸਟ ‘ਚ ਭਾਰਤੀ ਬੱਲੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ, ਤੀਜੇ ਦਿਨ ਦੀ ਖੇਡ ਸਮਾਪਤ

Exit mobile version