TheUnmute.com

IND vs AUS: ਅਰਸ਼ਦੀਪ ਸਿੰਘ ਨੇ ਆਸਟ੍ਰੇਲੀਆ ਖ਼ਿਲਾਫ਼ ਆਖ਼ਰੀ ਓਵਰ ‘ਚ ਪਲਟੀ ਬਾਜ਼ੀ, ਜਸਪ੍ਰੀਤ ਬੁਮਰਾਹ ਦਾ ਤੋੜਿਆ ਰਿਕਾਰਡ

ਚੰਡੀਗੜ੍ਹ, 04 ਦਸੰਬਰ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਗਈ। ਭਾਰਤੀ ਟੀਮ ਨੇ ਇਹ ਸੀਰੀਜ਼ 4-1 ਨਾਲ ਜਿੱਤ ਲਈ ਹੈ। ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਆਖਰੀ ਮੈਚ ‘ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ।

ਜਵਾਬ ‘ਚ ਆਸਟ੍ਰੇਲੀਆ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 154 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਨੂੰ ਜਿੱਤ ਲਈ ਆਖਰੀ ਓਵਰ ਵਿੱਚ 10 ਦੌੜਾਂ ਦੀ ਲੋੜ ਸੀ। ਅਰਸ਼ਦੀਪ ਸਿੰਘ (Arshdeep Singh) 20ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਅਤੇ ਆਪਣੀ ਤੇਜ਼ ਗੇਂਦਬਾਜ਼ੀ ਨਾਲ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ।

ਆਸਟਰੇਲੀਆਈ ਟੀਮ ਛੇ ਗੇਂਦਾਂ ਵਿੱਚ 10 ਦੌੜਾਂ ਨਹੀਂ ਬਣਾ ਸਕੀ

ਸ਼ਾਇਦ ਹੀ ਕਿਸੇ ਨੇ ਉਮੀਦ ਕੀਤੀ ਹੋਵੇਗੀ ਕਿ ਭਾਰਤੀ ਟੀਮ ਇਹ ਮੈਚ ਜਿੱਤੇਗੀ, ਕਿਉਂਕਿ ਇਸ ਸੀਰੀਜ਼ ‘ਚ ਕਈ ਵਾਰ ਅਜਿਹਾ ਹੋਇਆ ਹੈ ਕਿ ਆਸਟ੍ਰੇਲੀਆ ਨੇ ਆਖ਼ਰੀ ਓਵਰਾਂ ‘ਚ ਕਾਫੀ ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਅਰਸ਼ਦੀਪ (Arshdeep Singh) ਨੇ ਆਪਣੇ ਪਹਿਲੇ ਤਿੰਨ ਓਵਰਾਂ ਵਿੱਚ 37 ਦੌੜਾਂ ਦਿੱਤੀਆਂ ਅਤੇ ਇੱਕ ਵਿਕਟ ਲਈ। ਹਾਲਾਂਕਿ, ਅੱਗੇ ਜੋ ਹੋਇਆ ਉਹ ਇਤਿਹਾਸ ਬਣ ਗਿਆ। ਅਰਸ਼ਦੀਪ ਨੇ ਆਪਣੇ ਆਪ ਤੋਂ ਵਿਸ਼ਵਾਸ ਨਹੀਂ ਗੁਆਇਆ। ਉਸ ਦੇ ਸਾਹਮਣੇ ਸਟ੍ਰਾਈਕ ‘ਤੇ ਆਸਟ੍ਰੇਲੀਆ ਦੇ ਕਪਤਾਨ ਮੈਥਿਊ ਵੇਡ ਅਤੇ ਨਾਨ-ਸਟ੍ਰਾਈਕਰ ਐਂਡ ‘ਤੇ ਨਾਥਨ ਐਲਿਸ ਸਨ।

ਰੋਮਾਂਚਕ ਰਿਹਾ ਅਰਸ਼ਦੀਪ ਸਿੰਘ ਦਾ ਆਖ਼ਰੀ ਓਵਰ

20ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਉਸ ਨੇ 137.4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸ਼ਾਰਟ ਗੇਂਦ ਸੁੱਟੀ ਅਤੇ ਵੇਡ ਇਸ ‘ਤੇ ਕੋਈ ਦੌੜਾਂ ਨਹੀਂ ਬਣਾ ਸਕਿਆ। ਵੇਡ ਨੇ ਲੈੱਗ ਅੰਪਾਇਰ ਤੋਂ ਵਾਈਡ ਮੰਗਿਆ, ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਅਰਸ਼ਦੀਪ ਨੇ ਫਿਰ ਦੂਜੀ ਗੇਂਦ ‘ਤੇ ਕੋਈ ਦੌੜ ਨਹੀਂ ਦਿੱਤੀ। ਉਸ ਨੇ 142.2 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਯਾਰਕਰ ਸੁੱਟਿਆ। ਇਸ ਤੋਂ ਬਾਅਦ ਵੇਡ ਦਬਾਅ ‘ਚ ਆ ਗਿਆ।

ਤੀਜੀ ਗੇਂਦ ‘ਤੇ ਅਰਸ਼ਦੀਪ ਨੇ ਫਿਰ 144.1 ਕਿਲੋਮੀਟਰ ਦੀ ਰਫਤਾਰ ਨਾਲ ਯਾਰਕਰ ਗੇਂਦ ਸੁੱਟੀ, ਜਿਸ ‘ਤੇ ਵੇਡ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ‘ਚ ਲਾਂਗ ਆਨ ‘ਤੇ ਕੈਚ ਹੋ ਗਿਆ। ਵੇਡ 15 ਗੇਂਦਾਂ ‘ਚ 22 ਦੌੜਾਂ ਬਣਾ ਸਕਿਆ। ਇਸ ਵਿਕਟ ਦੇ ਡਿੱਗਣ ਤੋਂ ਬਾਅਦ ਪ੍ਰਸ਼ੰਸਕਾਂ ‘ਚ ਜੋਸ਼ ਆ ਗਿਆ ਅਤੇ ਉਨ੍ਹਾਂ ਨੇ ਅਰਸ਼ਦੀਪ ਦੀ ਖੂਬ ਤਾਰੀਫ ਕੀਤੀ।

ਵੇਡ ਦੇ ਆਊਟ ਹੋਣ ‘ਤੇ ਜੇਸਨ ਬੇਹਰਨਡੋਰਫ ਬੱਲੇਬਾਜ਼ੀ ਕਰਨ ਆਇਆ। ਚੌਥੀ ਗੇਂਦ ‘ਤੇ ਉਸ ਨੇ 142.9 ਕਿਲੋਮੀਟਰ ਦੀ ਰਫਤਾਰ ਨਾਲ ਗੇਂਦ ਸੁੱਟੀ। ਗੇਂਦ ਮਿਡ ਵਿਕਟ ‘ਤੇ ਚਲੀ ਗਈ ਅਤੇ ਇਕ ਦੌੜ ਬਣੀ।ਇਸ ਤੋਂ ਬਾਅਦ ਪੰਜਵੀਂ ਗੇਂਦ ‘ਤੇ ਨਾਥਨ ਐਲਿਸ ਸਟ੍ਰਾਈਕ ‘ਤੇ ਆਏ। ਅਰਸ਼ਦੀਪ ਨੇ ਇਹ ਗੇਂਦ 143.3 ਕਿਲੋਮੀਟਰ ਦੀ ਰਫਤਾਰ ਨਾਲ ਸੁੱਟੀ। ਇਸ ‘ਤੇ ਐਲਿਸ ਨੇ ਸਿੱਧਾ ਸ਼ਾਟ ਖੇਡਿਆ। ਗੇਂਦ ਅਰਸ਼ਦੀਪ ਦੀ ਉਂਗਲੀ ‘ਚ ਜਾ ਕੇ ਅੰਪਾਇਰ ਨੂੰ ਲੱਗੀ ਅਤੇ ਸਿਰਫ ਇਕ ਦੌੜ ਆਈ।

 

ਆਸਟ੍ਰੇਲੀਆ ਨੂੰ ਜਿੱਤ ਲਈ ਆਖਰੀ ਗੇਂਦ ‘ਤੇ ਅੱਠ ਦੌੜਾਂ ਦੀ ਲੋੜ ਸੀ, ਜੋ ਲਗਭਗ ਅਸੰਭਵ ਸੀ। ਆਖਰੀ ਗੇਂਦ ‘ਤੇ ਅਰਸ਼ਦੀਪ ਨੇ ਫਿਰ ਯੌਰਕਰ ਗੇਂਦ ਸੁੱਟੀ ਅਤੇ ਬੇਹਰਨਡੋਰਫ ਉਸ ‘ਤੇ ਸਿਰਫ ਇਕ ਦੌੜ ਹੀ ਲੈ ਸਕਿਆ ਅਤੇ ਭਾਰਤ ਨੇ ਇਹ ਮੈਚ ਛੇ ਦੌੜਾਂ ਨਾਲ ਜਿੱਤ ਲਿਆ। ਅਰਸ਼ਦੀਪ ਦੀ ਗੇਂਦਬਾਜ਼ੀ ‘ਤੇ ਪੰਜਾਬੀ ‘ਚ ਕੁਮੈਂਟਰੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਜੁਲਾਈ 2022 ਵਿੱਚ ਆਪਣੇ ਟੀ-20 ਅੰਤਰਰਾਸ਼ਟਰੀ ਡੈਬਿਊ ਤੋਂ ਬਾਅਦ, ਅਰਸ਼ਦੀਪ ਨੇ 37 ਮੈਚਾਂ ਵਿੱਚ 54 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦੀ ਔਸਤ 19.62 ਅਤੇ ਸਟ੍ਰਾਈਕ ਰੇਟ 13.9 ਰਹੀ। ਉਸ ਦੀ ਇਕਾਨਮੀ ਰੇਟ 8.42 ਰਹੀ ਹੈ।

ਜਸਪ੍ਰੀਤ ਬੁਮਰਾਹ ਦਾ ਤੋੜਿਆ ਰਿਕਾਰਡ

ਅਰਸ਼ਦੀਪ ਸਿੰਘ (Arshdeep Singh) ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਜਸਪ੍ਰੀਤ ਬੁਮਰਾਹ ਦਾ ਰਿਕਾਰਡ ਤੋੜ ਦਿੱਤਾ ਹੈ । ਅਰਸ਼ਦੀਪ ਸਿੰਘ ਨੇ ਆਪਣੇ ਟੀ-20 ਕਰੀਅਰ ਦੀ 33ਵੀਂ ਪਾਰੀ ਵਿੱਚ 50ਵੀਂ ਵਿਕਟ ਲਈਆਂ ਹਨ । ਜਦਕਿ ਬੁਮਰਾਹ ਨੇ 41ਵੀਂ ਪਾਰੀ ‘ਚ ਇਹ ਅੰਕੜਾ ਛੂਹਿਆ ਸੀ।

Exit mobile version