ਚੰਡੀਗੜ੍ਹ 14 ਜੁਲਾਈ 2022: ਜਬਰ ਜਨਾਹ ਦੇ ਮਾਮਲੇ ‘ਚ ਅੱਜ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਲੁਧਿਆਣਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਦੀ ਪੁਲਿਸ ਰਿਮਾਂਡ ‘ਚ 2 ਦਿਨਾਂ ਦਾ ਵਾਧਾ ਕੀਤਾ ਹੈ |
ਤੁਹਾਨੂੰ ਦੱਸ ਦੇਈਏ ਕਿ ਸਿਮਰਜੀਤ ਸਿੰਘ ਬੈਂਸ (Simarjit Singh Bains) ਨੇ ਕੁਝ ਦਿਨ ਪਹਿਲਾਂ ਲੁਧਿਆਣਾ ਦੀ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਸੀ | ਜਿਸ ਤੋਂ ਬਾਅਦ ਅਦਾਲਤ ਨੇ ਸਿਮਰਜੀਤ ਬੈਂਸ ਸਣੇ ਪੰਜ ਹੋਰ ਮੁਲਜ਼ਮਾਂ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ | ਸਿਮਰਜੀਤ ਬੈਂਸ ਨੂੰ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਸੀ |
ਕੀ ਹੈ ਮਾਮਲਾ ?
ਪੀੜਤ ਮਹਿਲਾ ਨੇ ਪਹਿਲਾਂ 16 ਨਵੰਬਰ 2020 ਨੂੰ ਵਿਧਾਇਕ ਸਿਮਰਜੀਤ ਸਿੰਘ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ਼ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਗੋਗੀ ਸ਼ਰਮਾ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ | ਇਸ ਮਾਮਲੇ ‘ਚ ਮਹਿਲਾ ਨੇ ਦੋਸ਼ ਲਾਇਆ ਕਿ ਵਿਧਾਇਕ ਬੈਂਸ ਨੇ ਘਰ ਦੇ ਪੈਸਿਆਂ ਦਾ ਲੈਣ-ਦੇਣ ਕਰਨ ਬਦਲੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ।
ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਜਾਂਚ ਦੇ ਨਾਂ ‘ਤੇ ਮਾਮਲਾ ਲਟਕਾਇਆ। ਪੀੜਤ ਔਰਤ ਨੇ ਫਿਰ ਸਥਾਨਿਕ ਅਦਾਲਤ ਵਿੱਚ ਅਪੀਲ ਕੀਤੀ ਸੀ। ਇਸਦੇ ਨਾਲ ਹੀ ਥਾਣਾ ਡਵੀਜ਼ਨ ਨੰ.6 ਦੀ ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ‘ਤੇ ਵਿਧਾਇਕ ਬੈਂਸ ਅਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।