ਚੰਡੀਗੜ੍ਹ 31 ਮਈ 2022: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੋਧਪੁਰ ‘ਚ ਗਾਇਕ ਮੀਕਾ ਸਿੰਘ (Mika Singh) ਦੀ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਕਾ ਇਨ੍ਹੀਂ ਦਿਨੀਂ ਜੋਧਪੁਰ ‘ਚ ਇਕ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਹਨ। ਜੋਧਪੁਰ ਦੇ ਕਮਿਸ਼ਨਰ ਨੇ ਮੀਕਾ ਸਿੰਘ ਦੀ ਸੁਰੱਖਿਆ ਹੇਠ ਪੁਲਿਸ ਤਾਇਨਾਤ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਮੀਕਾ ਦੇ ਹੋਟਲ ‘ਚ 50 ਜਵਾਨ ਤਾਇਨਾਤ ਕੀਤੇ ਗਏ ਹਨ । ਇਸਦੇ ਨਾਲ ਹੀ ਸ਼ੂਟਿੰਗ ਦੌਰਾਨ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਹੋਟਲ ਦੇ ਅੰਦਰ ਅਤੇ ਬਾਹਰ ਕੁਝ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹੋਟਲ ‘ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਇਸ ਸੰਬੰਧੀ ਡੀਸੀਪੀ ਭੁਵਨ ਭੂਸ਼ਣ ਯਾਦਵ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿੰਘ ਨੂੰ ਇਹਤਿਆਤ ਵਜੋਂ ਸੁਰੱਖਿਆ ਦਿੱਤੀ ਗਈ ਹੈ।
ਹਾਲਾਂਕਿ ਮੀਕਾ ਦੇ ਪੱਖ ਤੋਂ ਕੋਈ ਮੰਗ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੀਕਾ ਸਿੰਘ ਨੇ ਲਾਰੈਂਸ ਗਰੁੱਪ ਵੱਲੋਂ ਲਿਖੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਇਸ ਪੇਜ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਗਾਤਾਰ ਪੋਸਟ ਕਰਕੇ ਕਤਲ ਦੀ ਨਿੰਦਾ ਕੀਤੀ ਹੈ। ਮੀਕਾ ਦੇ ਟਵੀਟ ਤੋਂ ਬਾਅਦ ਜੋਧਪੁਰ ਪੁਲਿਸ ਅਲਰਟ ਹੋ ਗਈ ਹੈ। ਹੋਟਲ ਉਮੈਦ ਪੈਲੇਸ ਵਿੱਚ ਸੁਰੱਖਿਆ ਵਜੋਂ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।