July 7, 2024 7:01 pm
Sangrur

ਸੰਗਰੂਰ ‘ਚ ਕੋਰੋਨਾ ਦੇ ਮਾਮਲਿਆਂ ‘ਚ ਹੋਇਆ ਵਾਧਾ, 185 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ 15 ਜਨਵਰੀ 2022: ਪੰਜਾਬ ‘ਚ ਕੋਰੋਨਾ ਵਾਇਰਸ (Corona Virus) ਤੇਜੀ ਨਾਲ ਪੈਰ ਪਸਾਰ ਰਿਹਾ ਹੈ |ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਨਵੇਂ ਕੇਸ ਸਾਹਮਣੇ ਆ ਰਹੇ ਹਨ | ਜ਼ਿਲ੍ਹਾ ਸੰਗਰੂਰ (Sangrur) ਅੰਦਰ ਅੱਜ ਫਿਰ ਕੋਰੋਨਾ ਦਾ ਬਸਾਲਟ ਹੋਇਆ ਹੈ ਅਤੇ 185 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਅੱਜ ਵੱਡੀ ਗਿਣਤੀ ਵਿੱਚ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਵਾਇਰਸ (Corona Virus) ਦੀ ਰਫ਼ਤਾਰ ਤੇਜ਼ੀ ਨਾਲ ਵਧ ਗਈ ਹੈ। ਬੇਸ਼ੱਕ ਅੱਜ 56 ਕੋਰੋਨਾ ਪਾਜ਼ੇਟਿਵ ਵਿਅਕਤੀ ਕੋਰੋਨਾ ਤੋਂ ਜਿੱਤ ਹਾਸਲ ਕਰਕੇ ਘਰ ਵਾਪਸੀ ਕਰ ਚੁੱਕੇ ਹਨ ਪਰ 70 ਸਾਲਾਂ ਮੂਣਕ ਬਲਾਕ ਦੀ ਜਨਾਨੀ, ਜੋ ਪਟਿਆਲਾ ਵਿਖੇ ਜ਼ੇਰੇ ਇਲਾਜ ਸੀ, ਦੀ ਮੌਤ ਹੋ ਗਈ ਹੈ।

ਸ਼ਨੀਵਾਰ ਨੂੰ ਜਾਰੀ ਮੀਡੀਆ ਬੁਲੇਟਨ ਅਨੁਸਾਰ ਸਿਹਤ ਬਲਾਕ ਸੰਗਰੂਰ 93, ਸੁਨਾਮ 10, ਕੋਹਰੀਆ 6, ਲੌਂਗੋਵਾਲ 35, ਧੂਰੀ 14, ਮੂਣਕ 2, ਸ਼ੇਰਪੁਰ 13 ਅਤੇ ਭਵਾਨੀਗੜ੍ਹ ਵਿਖੇ 12 ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ ਹਨ। ਜ਼ਿਲ੍ਹਾ ਸੰਗਰੂਰ ਵਿੱਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 526 ਹੋ ਗਈ ਹੈ। ਜ਼ਿਲ੍ਹਾ ਸੰਗਰੂਰ ਅੰਦਰ ਹੁਣ ਤੱਕ 16501 ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ ਅਤੇ 15095 ਵਿਅਕਤੀ ਤੰਦਰੁਸਤ ਹੋ ਕੇ ਘਰ ਨੂੰ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮ੍ਰਿਤਕਾਂ ਦੀ ਗਿਣਤੀ 880 ਹੋ ਚੁੱਕੀ ਹੈ ਅਤੇ 526 ਕੇਸ ਕੋਰੋਨਾ ਐਕਟਿਵ ਹਨ। ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਜ਼ਰੂਰ ਪਹਿਨਿਆ ਜਾਵੇ।