Verka plant

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਫ਼ਿਰੋਜ਼ਪੁਰ ‘ਚ ਵੇਰਕਾ ਪਲਾਂਟ ਦਾ ਉਦਘਾਟਨ

ਫ਼ਿਰੋਜ਼ਪੁਰ 28 ਸਤੰਬਰ 2022: ਡੇਅਰੀ ਕਿਸਾਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੇਰਕਾ ਪਲਾਂਟ (Verka plant) ਦਾ ਫ਼ਿਰੋਜ਼ਪੁਰ ਵਿਖੇ ਉਦਘਾਟਨ ਕੀਤਾ ਹੈ। ਇਸ ਪਲਾਂਟ ਦੀ ਰੋਜ਼ਾਨਾ 1 ਲੱਖ ਲੀਟਰ ਦੁੱਧ ਪ੍ਰੋਸੈਸਿੰਗ ਦੀ ਸਮਰੱਥਾ ਹੈ। ਇਹ ਵੇਰਕਾ ਪਲਾਂਟ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ ਅਤੇ ਇਹ ਪਲਾਂਟ ਡੇਅਰੀ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਹਾਇਕ ਖੇਤੀ ਧੰਦਿਆਂ ਨੂੰ ਵੱਡੀ ਪੱਧਰ ਉਤੇ ਉਤਸ਼ਾਹਿਤ ਕਰੇਗੀ।

ਮੁੱਖ ਮੰਤਰੀ ਨੇ ਇਕ ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਦੀ ਸਮਰੱਥਾ ਵਾਲੇ ਵੇਰਕਾ ਮਿਲਕ ਪਲਾਂਟ (Verka plant) ਲੋਕਾਂ ਨੂੰ ਸਮਰਪਿਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੇਤੀ ਲਾਗਤਾਂ ਵਧਣ ਅਤੇ ਘਟਦੀ ਆਮਦਨ ਕਾਰਨ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਹੀ। ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਹਾਇਕ ਧੰਦੇ ਹੀ ਕਿਸਾਨਾਂ ਨੂੰ ਰਾਹਤ ਦੇ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਖੇਤਾਂ ‘ਤੇ ਨਿਰਭਰਤਾ ਘਟੇਗੀ। ਉਨ੍ਹਾਂ ਕਿਹਾ ਕਿ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਪ੍ਰੋਜੈਕਟ ਡੇਅਰੀ ਸੈਕਟਰ ਨੂੰ ਵੱਡਾ ਹੁਲਾਰਾ ਦੇਵੇਗਾ। ਭਗਵੰਤ ਮਾਨ ਨੇ ਕਿਹਾ ਕਿ ਡੇਅਰੀ ਦੇ ਧੰਦੇ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਸੂਬੇ ਵਿੱਚ ਨਕਲੀ ਦੁੱਧ ਦੀ ਸਪਲਾਈ ਨੂੰ ਰੋਕਣ ਵਿੱਚ ਵੀ ਮਦਦ ਕਰੇਗਾ।

May be an image of 6 people, beard, people standing, turban and indoor

ਲੁਧਿਆਣਾ ਵਿੱਚ 100 ਕਰੋੜ ਰੁਪਏ ਦੀ ਲਾਗਤ ਲਗਾਇਆ ਜਾਏਗਾ ਇੱਕ ਹੋਰ ਪਲਾਂਟ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਪਲਾਂਟ ਤੋਂ ਛੇ ਗੁਣਾ ਵੱਧ ਸਮਰੱਥਾ ਵਾਲਾ ਇੱਕ ਹੋਰ ਪਲਾਂਟ ਲੁਧਿਆਣਾ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਲਾਂਟ ਵੀ ਛੇਤੀ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਪਲਾਂਟਾਂ ਦੀ ਗੁਣਵੱਤਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖਰੀਦ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਿੰਡਾਂ ਤੋਂ ਵਧੀਆ ਕੁਆਲਿਟੀ ਵਾਲਾ ਦੁੱਧ ਖਰੀਦਿਆ ਜਾ ਸਕੇ ਅਤੇ ਫਿਰ ਪ੍ਰੋਸੈਸਿੰਗ ਤੋਂ ਬਾਅਦ ਖਪਤਕਾਰਾਂ ਨੂੰ ਸਪਲਾਈ ਕੀਤੀ ਜਾਵੇ। ਭਗਵੰਤ ਮਾਨ ਨੇ ਉਮੀਦ ਜਾਹਰ ਕੀਤੀ ਕਿ ਮਿਲਕਫੈੱਡ ਆਪਣੇ ਬਰਾਂਡ ‘ਵੇਰਕਾ’ ਨੂੰ ਨਵੇਂ ਦਿਸਹੱਦਿਆਂ ਵੱਲ ਲੈ ਕੇ ਜਾਵੇਗਾ, ਜਿੱਥੇ ਇੱਕੋ-ਇੱਕ ਉਦੇਸ਼ ਸਮੂਹਿਕ ਵਿਕਾਸ ਹੋਵੇਗਾ। ਭਗਵੰਤ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਵਧੀਆ ਭਾਅ ਦੇਣ ਲਈ ਯਤਨ ਕਰ ਰਹੀ ਹੈ।

ਡੇਅਰੀ ਧੰਦੇ ਨੂੰ ਹੁਲਾਰਾ ਦੇਣ ਲਈ ਕਿਸਾਨ ਪੱਖੀ ਸਕੀਮਾਂ ਲਾਗੂ

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਵਿੱਚ ਡੇਅਰੀ ਧੰਦੇ ਨੂੰ ਹੁਲਾਰਾ ਦੇਣ ਲਈ ਕਿਸਾਨ ਪੱਖੀ ਸਕੀਮਾਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਵੇਰਕਾ ਦੇ ਉਤਪਾਦਾਂ ਜਿਵੇਂ ਘਿਓ, ਦੁੱਧ, ਦਹੀਂ, ਖੀਰ ਅਤੇ ਹੋਰਾਂ ਵਸਤਾਂ ਦੀ ਵਿਸ਼ਵ ਭਰ ਵਿੱਚ ਅਥਾਹ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੇਰਕਾ ਦੀ ਸਪਲਾਈ 30,000 ਲੀਟਰ ਹੈ ਜਿਸ ਨੂੰ ਜਲਦੀ ਹੀ ਵਧਾ ਕੇ 2 ਲੱਖ ਲੀਟਰ ਕੀਤਾਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜਮਹੂਰੀਅਤ ਵਿੱਚ ਲੋਕ ਸਰਵਉੱਚ ਹੁੰਦੇ ਹਨ ਅਤੇ ਲੋਕਤੰਤਰ ਵਿੱਚ ਉਨ੍ਹਾਂ ਕੋਲ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਅਜਿਹੇ ਆਗੂਆਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ, ਜਿਨ੍ਹਾਂ ਨੇ ਸੂਬੇ ਲਈ ਕੰਮ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੇ ਨਕਾਰੇ ਹੋਏ ਆਗੂ ਲੋਕ ਭਲਾਈ ਲਈ ਕੰਮ ਕਰਨ ਦੀ ਬਜਾਏ ਸੂਬਾ ਸਰਕਾਰ ਦੇ ਹਰ ਲੋਕ ਪੱਖੀ ਉਪਰਾਲੇ ਵਿੱਚ ਨੁਕਸ ਕੱਢ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਕੋਲ ਸੂਬਾ ਸਰਕਾਰ ਵੱਲੋਂ ਲਏ ਗਏ ਕਈ ਨਾਗਰਿਕ ਕੇਂਦਰਿਤ ਫੈਸਲਿਆਂ ਦੀ ਆਲੋਚਨਾ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁੱਦੇ ਨੂੰ ਲੈ ਕੇ ਇਹ ਆਗੂ ਸਿਰਫ ਨੁਕਤਾਚੀਨੀ ਕਰਨ ਲਈ ਹੀ ਸੂਬਾ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਤੋਂ ਬੇਖੌਫ ਹੋ ਕੇ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਵਿਕਾਸ ਲਈ ਕੰਮ ਕਰਦੀ ਰਹੇਗੀ।

Scroll to Top