ਸ੍ਰੀ ਮੁਕਤਸਰ ਸਾਹਿਬ 31 ਅਕਤੂਬਰ 2022: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਸ਼ਹਿਰ ਦੀ ਵਿਕਾਸ ਕਾਰਜਾਂ ਦਾ ਅੱਜ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ (MLA Jagdeep Singh Kaka Brar) ਨੇ ਉਦਘਾਟਨ ਕੀਤਾ। ਕੁੱਲ ਇੱਕ ਕਰੋੜ 62 ਲੱਖ ਰੁਪਏ ਦੇ ਇਨ੍ਹਾਂ ਵਿਕਾਸ ਕਾਰਜਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿਚ ਸੁੰਦਰ ਲਾਈਟਾਂ ਲਗਾਉਣ ਦਾ ਕੰਮ ਅਤੇ ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ ਚਾਰ, ਪੰਜ, ਕਿਰਤ ਨਗਰ ਅਤੇ ਆਦੇਸ਼ ਨਗਰ ਦੀਆਂ ਗਲੀਆਂ ਦੇ ਵਿਚ ਇੰਟਰਲੌਕਿੰਗ ਦੇ ਕੰਮ ਦਾ ਅੱਜ ਉਦਘਾਟਨ ਕੀਤਾ ਗਿਆ ਹੈ ।
ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਉਹ ਵਚਨਬੱਧ ਹਨ ਅਤੇ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ ‘ਤੇ ਵਿਕਾਸ ਕਾਰਜ ਕੀਤੇ ਜਾਣਗੇ । ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨ ਦੀ ਵੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਜਿਨ੍ਹਾਂ ਇਲਾਕਿਆਂ ਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ, ਉਹ ਵੀ ਜਲਦ ਦੂਰ ਕੀਤੀ ਜਾਵੇਗੀ ਅਤੇ ਹਰੇਕ ਘਰ ਤੱਕ ਜਲ ਘਰ ਤੋਂ ਸ਼ੁੱਧ ਤੇ ਸਾਫ ਪਾਣੀ ਪਹੁੰਚੇ ਇਸ ਲਈ ਵੀ ਉਹ ਯਤਨਸ਼ੀਲ ਹਨ ।