TheUnmute.com

ਮੋਹਾਲੀ ਵਿਖੇ ਅਮਰੀਕਨ ਕੰਪਨੀ ਮੈਕਸਵੇਲ ਟੈਕ ਸੈਂਟਰ ਦੇ ਨਵੇਂ ਪ੍ਰੋਜੈਕਟ ਦਾ ਉਦਘਾਟਨ

ਐੱਸ.ਏ.ਐੱਸ ਨਗਰ, 20 ਸਤੰਬਰ, 2023: ਪੰਜਾਬ ਦੇ ਨਵੇਂ ਅਤੇ ਨਵਿਆਉਣਯੋਗ, ਰੁਜ਼ਗਾਰ ਸਿਰਜਣ ਅਤੇ ਹੁਨਰ ਸਿਖਲਾਈ ਮੰਤਰੀ, ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਉਦਯੋਗਾਂ ਅਤੇ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਦੀ ਪਹਿਲਕਦਮੀ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮੋਹਾਲੀ (Mohali) ਵਿਖੇ ਅਮਰੀਕਨ ਕੰਪਨੀ ਮੈਕਸਵੇਲ ਟੈਕਨਾਲੋਜੀ ਸੈਂਟਰ ਦੇ ਨਵੇਂ ਉੱਦਮ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਕੰਪਨੀ ਨੇ ਇੱਥੇ ਆਪਣਾ ਸਭ ਤੋਂ ਸਮਾਰਟ ਗ੍ਰੀਨ ਪ੍ਰੋਜੈਕਟ ਸ਼ੁਰੂ ਕਰਕੇ ਹੋਰਨਾਂ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ, ਜਿਸ ਨੇ ਸ਼ੁਰੂਆਤ ਵਿੱਚ 200 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।

ਉਨ੍ਹਾਂ ਕਿਹਾ ਕਿ ਮੋਹਾਲੀ (Mohali) ਨੂੰ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸ਼ੋਕੇਸ ਵਿੰਡੋ ‘ਸ਼ੋਅਕੇਸ ਵਿੰਡੋ’ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਇਸ ਲਈ ਬਹੁਤ ਸਾਰੇ ਨਿਵੇਸ਼ਕ ਇੱਥੇ ਆਪਣੇ ਪ੍ਰੋਜੈਕਟ ਲਗਾਉਣ ਲਈ ਵੱਡੀ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਕਸਵੇਲ ਰੀਅਲ ਅਸਟੇਟ, ਤਕਨਾਲੋਜੀ ਅਤੇ ਇੰਜੀਨੀਅਰਿੰਗ ਸੇਵਾਵਾਂ ਦੇ ਖੇਤਰ ਵਿੱਚ ਇੱਕ ਮੋਹਰੀ ਕੰਪਨੀ ਹੈ, ਜਿਸ ਦੇ ਬੇਲਾਪੁਰ (ਨਵੀ ਮੁੰਬਈ), ਹੈਦਰਾਬਾਦ ਅਤੇ ਕੋਚੀ ਵਿੱਚ ਪ੍ਰੋਜੈਕਟ ਦਫਤਰ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮੋਹਾਲੀ ਪ੍ਰਾਜੈਕਟ ਦਾ ਵਾਤਾਵਰਣ ਅਨੁਕੂਲ ਡਿਜ਼ਾਈਨ ਹਰੀ ਅਤੇ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਹੋਰ ਬਹੁਤ ਸਾਰੀਆਂ ਕੰਪਨੀਆਂ ਨੂੰ ਪ੍ਰੇਰਿਤ ਕਰੇਗਾ।

Mohali

ਉਨ੍ਹਾਂ ਅੱਗੇ ਕਿਹਾ ਕਿ ਮੈਕਸਵੇਲ ਟੈਕ ਸੈਂਟਰ ਵਰਗੇ ਪ੍ਰੋਜੈਕਟਾਂ ਦੀ ਆਮਦ ਨਾਲ ਪੰਜਾਬ ਦੇ ਬਹੁਤ ਸਾਰੇ ਯੋਗ ਨੌਜਵਾਨਾਂ ਦੀ ਇਨ੍ਹਾਂ ਪ੍ਰਾਜੈਕਟਾਂ ਵਿੱਚ ਸ਼ਮੂਲੀਅਤ ਵਧੇਗੀ ਜਿਨ੍ਹਾਂ ਕੋਲ ਵਿਦੇਸ਼ੀ ਪ੍ਰਵਾਸ ਦੇ ਬਦਲ ਵਜੋਂ ਆਪਣੇ ਦੇਸ਼ ਅਤੇ ਰਾਜ ਵਿੱਚ ਹੀ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਦੀ ਸਮਰੱਥਾ ਅਤੇ ਯੋਗਤਾ ਹੈ।

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਛੇਤੀ ਹੀ ਮੋਹਾਲੀ ਵਿਖੇ ਭਾਰਤ ਦੀ ਪਹਿਲੀ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈਸੀਬੀਸੀ) ਪਾਲਣਾ ਵਾਲੀ ਬਿਲਡਿੰਗ ਸਥਾਪਤ ਕਰਨ ਜਾ ਰਿਹਾ ਹੈ। ਇਸੇ ਤਰ੍ਹਾਂ ਸਾਰੇ ਸਰਕਾਰੀ ਦਫ਼ਤਰਾਂ ਨੂੰ ਵੀ ਊਰਜਾ ਦੀ ਬਚਤ ਲਈ ਸੋਲਰ ਰੂਫ ਪੈਨਲਾਂ ਨਾਲ ਲੈਸ ਕੀਤਾ ਜਾਵੇਗਾ। ਗ੍ਰੀਨ ਹਾਈਡ੍ਰੋਜਨ ਨੀਤੀ ਨੂੰ ਅਗਲੇ ਪੱਧਰ ਦੀ ਵਾਤਾਵਰਣ ਪੱਖੀ ਪਹਿਲਕਦਮੀ ਕਰਾਰ ਦਿੰਦੇ ਹੋਏ, ਨਵੇਂ ਅਤੇ ਨਵਿਆਉਣਯੋਗ ਸਰੋਤ ਮੰਤਰੀ ਨੇ ਕਿਹਾ ਕਿ ਅਸੀਂ ਅਗਲੇ ਦਿਨਾਂ ਵਿੱਚ ਰਾਜ ਦੀ ਗ੍ਰੀਨ ਹਾਈਡ੍ਰੋਜਨ ਨੀਤੀ ਨੂੰ ਅੰਤਿਮ ਰੂਪ ਦੇਣ ਜਾ ਰਹੇ ਹਾਂ, ਜੋ ਕਿ ਪੈਟਰੋਲ, ਡੀਜ਼ਲ ਵਰਗੇ ਰਵਾਇਤੀ ਈਂਧਨਾਂ ਦੀ ਖਪਤ ਨੂੰ ਘਟਾਏਗੀ ਤੇ ਪਰਾਲੀ ਸਾੜਨ ਦੀ ਸਮੱਸਿਆ ਦਾ ਬਿਹਤਰ ਬਦਲ ਸਾਬਤ ਹੋਵੇਗੀ।

ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਿਵੇਸ਼, ਸੈਰ-ਸਪਾਟਾ ਅਤੇ ਹੋਰ ਖੇਤਰਾਂ ਵਿੱਚ ਮੋਹਰੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੂਰਾ ਰਾਜ ਬੁਨਿਆਦੀ ਢਾਂਚੇ, ਆਈ.ਟੀ ਸੈਕਟਰ ਅਤੇ ਬੇਮਿਸਾਲ ਉਦਯੋਗਿਕ ਵਿਕਾਸ ਵਿੱਚ ਵੱਡੀ ਤਬਦੀਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਨੇ ਰੀਅਲ ਅਸਟੇਟ ਅਤੇ ਆਈ.ਟੀ ਸੈਕਟਰ ਦੇ ਕਾਰੋਬਾਰ ਵਿੱਚ ਵਿਸ਼ਾਲ ਸਮਰੱਥਾ ਅਤੇ ਸੰਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਨੂੰ ਹੋਰ ਵਿਕਸਤ ਕਰਨ ਲਈ ਹੋ ਥੋੜ੍ਹੀਆਂ ਬਹੁਤ ਰੁਕਾਵਟਾਂ ਹਨ, ਉਨ੍ਹਾਂ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ।

ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੋਹਾਲੀ ਨੂੰ ਸੁਪਨਿਆਂ ਦਾ ਸ਼ਹਿਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੈਕਸਵੇਲ ਟੈਕ ਸੈਂਟਰ ਦੇ ਐਮ.ਡੀ. ਬਲਬੀਰ ਸਿੰਘ ਖਹਿਰਾ ਨੇ ਇਸ ਪ੍ਰੋਜੈਕਟ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਦੇ ਸਵਰਗੀ ਪਿਤਾ ਕਰਨਲ ਦਇਆ ਸਿੰਘ ਖਹਿਰਾ ਦਾ ਵੱਡਾ ਸੁਪਨਾ ਸੀ ਜੋ ਪੀ.ਪੀ.ਐਸ. ਨਾਭਾ ਸਮੇਤ ਕਈ ਵਿਦਿਅਕ ਸੰਸਥਾਵਾਂ ਦੇ ਮੁਖੀ ਰਹੇ ਸਨ ਅਤੇ ਕੁੜੀਆਂ ਨੂੰ ਵਿਦਿਅਕ ਮੌਕੇ ਪ੍ਰਦਾਨ ਕਰਨ ਦੇ ਵੱਡੇ ਹਾਮੀ ਸਨ।

ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖਣ ਦੀ ਰਸਮ ਉਨ੍ਹਾਂ ਦੇ ਸਵਰਗਵਾਸੀ ਪਿਤਾ ਵੱਲੋਂ ਅਦਾ ਕੀਤੀ ਗਈ ਸੀ, ਇਸ ਲਈ ਉਨ੍ਹਾਂ ਨੇ ਇਹ ਇਮਾਰਤ ਉਨ੍ਹਾਂ ਦੀ ਬਰਸੀ ਮੌਕੇ ਆਪਣੇ ਪਿਤਾ ਅਤੇ ਮਾਤਾ ਸਵਰਗੀ ਸੁਖਦੇਵ ਕੌਰ ਨੂੰ ਸਮਰਪਿਤ ਕੀਤੀ ਹੈ। ਉਹ ਇਸ ਪ੍ਰਾਜੈਕਟ ਦੀ ਮਾਰਫਤ ਆਪਣੇ ਛੋਟੇ ਭਰਾ ਹਰਪਿੰਦਰ ਖਹਿਰਾ ਨਾਲ ਮਿਲ ਕੇ ਬਿਲਡਿੰਗ ਆਟੋਮੇਸ਼ਨ ਉਤਪਾਦ ਅਤੇ ਹੱਲ, ਗ੍ਰੀਨ ਬਿਲਡਿੰਗ ਸਰਟੀਫਿਕੇਸ਼ਨ ਸੇਵਾਵਾਂ, ਸਿਵਲ ਇੰਜੀਨੀਅਰਿੰਗ ਸੇਵਾਵਾਂ, ਸੇਲਜ਼, ਮਾਰਕੀਟਿੰਗ ਅਤੇ ਚੈਨਲ ਇਨੇਬਲਮੈਂਟ ਸੌਫਟਵੇਅਰ ਅਤੇ ਰੀਅਲ ਅਸਟੇਟ ਮਾਰਕੀਟਿੰਗ ਅਤੇ ਲੀਜ਼ ਸੇਵਾਵਾਂ ਦੇ ਖੇਤਰ ਵਿੱਚ ਲਗਭਗ 1000 ਨੌਜਵਾਨਾਂ ਨੂੰ ਇਸ ਉੱਦਮ ਨਾਲ ਜੋੜ ਕੇ ਲਈ ਉਨ੍ਹਾਂ ਲਈ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨਗੇ।

Exit mobile version