Site icon TheUnmute.com

ਕਿਲ੍ਹਾ ਰਾਏਪੁਰ ਖੇਡਾਂ ਦਾ ਉਦਘਾਟਨੀ ਸਮਾਗਮ ਅੱਜ, ਸਮਾਗਮ ‘ਚ ਦਿਖਾਈ ਦੇਣਗੇ ਵਿਰਾਸਤੀ ਰੰਗ

ਕਿਲ੍ਹਾ ਰਾਏਪੁਰ ਖੇਡਾਂ

ਲੁਧਿਆਣਾ 03 ਫਰਵਰੀ 2023: ਪੰਜਾਬ ਦੇ ਅਮੀਰ ਖੇਡ ਇਤਿਹਾਸ ਤੇ ਸੱਭਿਆਚਾਰ ਦਾ ਪ੍ਰਤੀਕ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ ਅੱਜ ਯਾਨੀ 3 ਤੋਂ 5 ਫਰਵਰੀ ਤੱਕ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਵੱਲੋਂ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਸਵ. ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸਵ. ਕਮਲਜੀਤ ਸਿੰਘ ਗਰੇਵਾਲ (ਕਮਲ) ਨੂੰ ਸਮਰਪਿਤ ਇਸ ਖੇਡ ਉਤਸਵ ਦੌਰਾਨ ਦੋ ਉਲੰਪੀਅਨ ਤੇ ਇੱਕ ਦਰੋਣਾਚਾਰੀਆ ਕੋਚ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਗਰੇਵਾਲ, ਗੁਰਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ, ਬਲਜੀਤ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਨੇ ਜਾਣਕਾਰੀ ਦਿੱਤੀ।
ਪ੍ਰਬੰਧਕਾਂ ਨੇ ਦੱਸਿਆ ਕਿ 1980 ਦੀਆਂ ਉਲੰਪਿਕ ਖੇਡਾਂ ‘ਚੋਂ ਸੋਨ ਤਗਮਾ ਜੇਤੂ ਭਾਰਤੀ ਹਾਕੀ ਟੀਮ ਦੇ ਸਿਰਕੱਢ ਮੈਂਬਰ ਰਾਜਿੰਦਰ ਸਿੰਘ, ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਦਰੋਣਾਚਾਰੀਆ ਕੋਚ ਬਲਦੇਵ ਸਿੰਘ ਸ਼ਾਹਬਾਦ ਤੇ ਸੇਵਾਮੁਕਤ ਏਡੀਜੀਪੀ ਜਤਿੰਦਰ ਸਿੰਘ ਔਲਖ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅੱਜ (3 ਫਰਵਰੀ) ਨੂੰ ਬਾਅਦ ਦੁਪਹਿਰ ਦੋ ਵਜੇ ਫੈਸਟੀਵਲ ਦਾ ਉਦਘਾਟਨ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਰਨਗੇ। ਖੇਡਾਂ ਦੇ ਦੂਸਰੇ ਦਿਨ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਆਖਰੀ ਦਿਨ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਪੁੱਜਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਰਨਗੇ। ਇਸ ਤੋਂ ਇਲਾਵਾ ਹੋਰ ਰਾਜਨੀਤਿਕ ਹਸਤੀਆਂ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਸਮੇਂ ਸਮੇਂ ਸਿਰ ਖੇਡਾਂ ਦੀ ਸ਼ਾਨ ਵਧਾਉਣਗੇ।

ਉਦਘਾਟਨੀ ਸਮਾਗਮ ਦੌਰਾਨ ਸਿੱਖ ਕੌਮ ਦਾ ਮਾਰਸ਼ਲ ਆਰਟ ਗਤਕਾ, ਪੰਜਾਬ ਦੇ ਪ੍ਰਸਿੱਧ ਲੋਕ ਨਾਚ ਗਿੱਧਾ ਤੇ ਭੰਗੜਾ ਵੀ ਖਿੱਚ ਦਾ ਕੇਂਦਰ ਬਣਨਗੇ। ਇਸ ਉਪਰੰਤ ਪਹਿਲੇ ਬਾਜੀਗਰਾਂ ਦੇ ਕਰਤੱਵ, ਹਾਕੀ ਓਪਨ (ਲੜਕੇ ਤੇ ਲੜਕੀਆਂ), ਪ੍ਰਾਇਮਰੀ ਸਕੂਲ ਨੈਸ਼ਨਲ ਸਟਾਈਲ ਕਬੱਡੀ (ਲੜਕੀਆਂ) ਤੇ ਦੌੜਾਂ (ਦੋਨੋਂ ਵਰਗ ਹੀਟਸ), ਦੌੜਾਂ 100, 200, 400 ਤੇ 1500 ਮੀਟਰ, ਲੰਬੀ ਛਾਲ ਤੇ ਉੱਚੀ ਛਾਲ ਫਾਈਨਲ (ਲੜਕੇ ਤੇ ਲੜਕੀਆਂ) ਤੇ ਰੱਸਾਕਸੀ, 65 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਦੀਆਂ ਦੌੜਾਂ, ਟਰਾਲੀ ਬੈਕ ਲਗਾਉਣ ਦੇ ਮੁਕਾਬਲੇ ਹੋਣਗੇ। ਇਸ ਦੇ ਨਾਲ ਪੈਰਾਗਲਾਈਡਿੰਗ ਸ਼ੋਅ ਵੀ ਖਿੱਚ ਦੇ ਕੇਂਦਰ ਬਣੇਗਾ। ਹਾਕੀ ਮੁਕਾਬਲੇ ਭਲਕੇ ਸਵੇਰੇ 9 ਵਜੇ ਆਰੰਭ ਹੋਣ ਜਾਣਗੇ। ਸ਼ਾਮ ਨੂੰ ਪੰਜਾਬੀ ਗਾਇਕ ਰੰਗ ਬੰਨਣਗੇ।

Exit mobile version