Site icon TheUnmute.com

ਹੈਪੇਟਾਈਟਸ-ਸੀ ਦੀ ਸਕਰੀਨਿੰਗ ‘ਚ ਨਵਾਂਸ਼ਹਿਰ ਨੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਕੀਤਾ ਹਾਸਲ

Hepatitis-C

ਨਵਾਂਸ਼ਹਿਰ 14 ਦਸੰਬਰ 2022 : ਸੂਬੇ ਚੋਂ ਸਾਲ 2030 ਤੱਕ ਹੈਪੇਟਾਈਟਸ-ਸੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਨਵਾਂਸ਼ਹਿਰ ਜ਼ਿਲ੍ਹੇ ਨੇ ਹੈਪੇਟਾਈਟਸ-ਸੀ ਦੀ ਸਕਰੀਨਿੰਗ ‘ਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਅਧੀਨ ਜ਼ਿਲ੍ਹੇ ਲਈ ਸਕਰੀਨਿੰਗ ਦੇ ਪਿਛਲੇ ਅੱਠ ਮਹੀਨਿਆਂ ਦੇ ਨਿਰਧਾਰਿਤ 14733 ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 82.52 ਫੀਸਦ ਦੀ ਦਰ ਨਾਲ 12158 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਹੈ, ਜਿਨਾਂ ਵਿੱਚੋਂ ਪਾਜ਼ਟਿਵ ਪਾਏ ਗਏ ਤਕਰੀਬਨ ਸਾਰੇ ਮਰੀਜ਼ਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਜ਼ਿਲ੍ਹੇ ਦੀ ਇਸ ਪ੍ਰਾਪਤੀ ‘ਤੇ ਜ਼ਿਲ੍ਹਾ ਨੋਡਲ ਅਫਸਰ ਸਮੇਤ ਹੋਰਨਾਂ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਸਿਹਤ ਸਟਾਫ ਦੀ ਸਖ਼ਤ ਮਿਹਨਤ ਤੇ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਹੈਪੇਟਾਈਟਸ ਵਿਰੁੱਧ ਲੜਾਈ ਜਿੱਤ ਰਹੇ ਹਾਂ। ਪੂਰੇ ਪੰਜਾਬ ਵਿੱਚੋਂ ਹੈਪੇਟਾਈਟਸ-ਸੀ ਦੀ ਸਕਰੀਨਿੰਗ ਵਿੱਚ ਨੰਬਰ ਇੱਕ ਰੈਂਕ ਅਤੇ ਹੈਪੇਟਾਈਟਸ-ਬੀ ਵਿੱਚ ਨੰਬਰ ਤਿੰਨ ਰੈਂਕ ਪ੍ਰਾਪਤ ਕਰਨਾ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ ’ਤੇ ਮੋਹਰ ਹੈ। ਅਸੀਂ ਸਾਡੀਆਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਡੇ ਨੇੜਲੇ ਭਵਿੱਖ ਵਿੱਚ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਆਸ ਕਰਦੇ ਹਾਂ।

ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਸੇ ਇਸ ਬਿਮਾਰੀ ਦੇ ਇਲਾਜ ਅਤੇ ਟੈਸਟਾਂ ਦਾ ਕੁੱਲ ਖਰਚਾ ਲੱਖਾਂ ਰੁਪਏ ਵਿੱਚ ਹੈ ਪਰ ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਵਾਇਰਲ ਹੈਪੇਟਈਟਸ ਕੰਟਰੋਲ ਪ੍ਰੋਗਰਾਮ ਅਧੀਨ ਬਿੱਲਕੁਲ ਮੁਫਤ ਕਰਵਾਿੲਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਹੈਪੇਟਾਈਟਸ” ਜਿਗਰ ਦੀ ਬੀਮਾਰੀ ਹੈ, ਜੋ ਵਾਇਰਸ ਰਾਹੀਂ ਫੈਲਦੀ ਹੈ ਅਤੇ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਪੰਜ ਪ੍ਰਕਾਰ ਦੇ ਹੁੰਦੇ ਹਨ, ਜਿਨ੍ਹਾਂ ਨੂੰ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਕਿਹਾ ਜਾਂਦਾ ਹੈ। ਹੈਪੇਟਾਈਟਸ ਏ ਤੇ ਈ ਦੂਸ਼ਿਤ ਪਾਣੀ ਅਤੇ ਅਨ-ਹਾਈਜੀਨ ਭੋਜਨ ਖਾਣ ਨਾਲ ਹੰਦਾ ਹੈ, ਜਦਕਿ ਹੈਪੇਟਾਈਟਸ ਦੀਆਂ ਬਾਕੀ ਕਿਸਮਾਂ ਖੂਨ ਰਾਹੀਂ ਅੱਗੇ ਫੈਲਦੀਆਂ ਹਨ। ਹੈਪੇਟਾਈਟਸ ਏ ਅਤੇ ਈ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਸਾਫ-ਸੁਥਰਾ ਭੋਜਨ ਬਣਾਉਣ ਲਈ ਸਾਫ ਪਾਣੀ ਦੀ ਵਰਤੋਂ ਕੀਤੀ ਜਾਵੇ।

ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਹੈਪੇਟਾਈਟਸ ਬੀ, ਸੀ ਤੇ ਡੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਟੀਕੇ ਵਰਤਣ, ਦੂਸ਼ਿਤ ਸੂਈਆਂ ਸਾਂਝੀਆਂ ਕਰਨ, ਸਰੀਰ ’ਤੇ ਟੈਟੂ ਬਣਾਉਣ ਸਮੇਂ ਹੋਈ ਦੂਸ਼ਿਤ ਸੂਈ ਦੇ ਕਿਸੇ ਦੂਸਰੇ ਵਿਅਕਤੀ ’ਤੇ ਇਸਤੇਮਾਲ ਕਰਨ ਨਾਲ ਫੈਲਦਾ ਹੈ। ਕਾਲੇ ਪੀਲੀਆ ਕਾਰਨ ਜਿਗਰ ਖਰਾਬ ਹੋ ਜਾਂਦਾ ਹੈ ਤੇ ਕਈ ਵਾਰ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ। ਹੈਪੇਟਾਈਟਸ ਬੀ ਤੇ ਸੀ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਡਿਸਪੋਜ਼ੇਬਲ ਸਰਿੰਜਾਂ ਦੀ ਵਰਤੋਂ ਕੀਤੀ ਜਾਵੇ।

ਕਿਸੇ ਵੀ ਵਿਅਕਤੀ ਨੂੰ ਦੂਜੇ ਵਿਅਕਤੀ ਦਾ ਖੂਨ ਚੜ੍ਹਾਉਣ ਵੇਲੇ ਸਾਵਧਾਨੀ ਵਰਤੀ ਜਾਵੇ ਅਤੇ ਸਰਕਾਰ ਵਲੋਂ ਮਨਜ਼ੂਰਸ਼ੁਦਾ ਬਲੱਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਹੋਇਆ ਖੂਨ ਹੀ ਚੜ੍ਹਾਇਆ ਜਾਵੇ। ਹੈਪੇਟਾਈਟਸ ਦੇ ਲੱਛਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਬੁਖਾਰ, ਸਿਰਦਰਦ, ਮਾਸਪੇਸ਼ੀਆਂ ’ਚ ਦਰਦ ਅਤੇ ਹਰ ਸਮੇਂ ਕਮਜ਼ੋਰੀ ਮਹਿਸੂਸ ਹੁੰਦੀ ਹੈ।

ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋ ਜਾਂਦਾ ਹੈ। ਇਸ ਦੇ ਨਾਲ-ਨਾਲ ਉਲਟੀਆਂ ਦਾ ਆਉਣਾ ਤੇ ਭੁੱਖ ਨਾ ਲੱਗਣਾ ਵੀ ਇਸ ਦੇ ਮੁੱਖ ਲੱਛਣ ਹਨ। ਇਹ ਲੱਛਣ ਹੋਣ ’ਤੇ ਤੁਰੰਤ ਮਰੀਜ਼ ਨੂੰ ਨੇੜੇ ਦੇ ਸਿਹਤ ਕੇਂਦਰ ’ਚ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਜ਼ਿਲ੍ਹਾ ਸਿਹਤ ਮੁੱਖੀ ਨੇ ਅੱਗੇ ਕਿਹਾ ਕਿ ਸੂਬੇ ਨੂੰ ਹੈਪੇਟਾਈਟਸ ਮੁਕਤ ਦੇਸ਼ ਬਣਾਉਣ ਲਈ ਜ਼ਰੂਰੀ ਹੈ ਕਿ ਇਸ ਤੋਂ ਬਚਾਅ ਪ੍ਰਤੀ ਜਾਗਰੂਕਤਾ ਦੇ ਸੁਨੇਹਿਆਂ ਨੂੰ ਘਰ-ਘਰ ਪਹੁੰਚਾਉਣ ਤੇ ਸਮੇਂ ਰਹਿੰਦਿਆਂ ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ।

Exit mobile version