Site icon TheUnmute.com

ਨਵੇਂ ਸਾਲ ਮੱਦੇਨਜਰ ਮੋਹਾਲੀ ਦੀਆਂ 06 ਸਬ-ਡਵੀਜ਼ਨਾਂ ਨੂੰ 06 ਸਰਕਲਾਂ ‘ਚ ਵੰਡਿਆ, 57 ਨਾਕਾ ਪੁਆਇੰਟਾਂ ਤੇ ਰਹੇਗੀ ਸਖ਼ਤ ਚੈਕਿੰਗ

Sewa kendra

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਦਸੰਬਰ, 2023: ਜ਼ਿਲ੍ਹਾ (Mohali) ਪੁਲਿਸ ਵੱਲੋਂ ਨਵੇਂ ਸਾਲ ਦੇ ਜਸ਼ਨਾਂ ਸਬੰਧੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ (Mohali) ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਪੈਂਦੀਆਂ 06 ਸਬ-ਡਵੀਜ਼ਨਾਂ ਨੂੰ 06 ਸਰਕਲਾਂ ਵਿੱਚ ਵੰਡ ਕੇ, ਇਨ੍ਹਾਂ ਸਰਕਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ 06 ਐਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਨਾਲ 12 ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਲਗਾਏ ਗਏ ਹਨ।

ਇਸ ਤੋਂ ਇਲਾਵਾ ਜ਼ਿਲ੍ਹੇ (Mohali) ਵਿੱਚ 57 ਨਾਕਾ ਪੁਆਇੰਟਾਂ ਦੀ ਸ਼ਨਾਖਤ ਕਰਕੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਗਸ਼ਤ ਲਈ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜਰ 22 ਮੁੱਖ ਥਾਣਾ ਅਫਸਰਾਂ ਦੇ ਨਾਲ ਕਰੀਬ 985 ਪੁਲਿਸ ਕਰਮਚਾਰੀ ਸੁਰੱਖਿਆ ਪ੍ਰਬੰਧਾਂ ‘ਤੇ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਜਸ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 29 ਦਸੰਬਰ ਤੋਂ ਹੀ ਭੀੜ- ਭੜੱਕੇ ਵਾਲੀਆ ਥਾਵਾਂ ਅਤੇ ਮਾਰਕੀਟਾਂ ਵਿੱਚ ਵਿਸ਼ੇਸ਼ ਤੌਰ ‘ਤੇ ਨਾਕਾ/ਗਸ਼ਤ ਪਾਰਟੀਆ ਤਾਇਨਾਤ ਕੀਤੀਆਂ ਹੋਈਆਂ ਹਨ। ਨਾਕਾ/ਗਸ਼ਤ ਪਾਰਟੀਆ ਦਾ ਮੁੱਖ ਮੰਤਵ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸ਼ਾਂਤਮਈ ਮਾਹੌਲ ਬਰਕਰਾਰ ਰੱਖਣਾ ਅਤੇ ਸ਼ਰਾਰਤੀ ਅਨਸਰਾਂ/ਹੁੱਲੜਬਾਜ਼ੀ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਵਿੱਚ ਰੱਖਣਾ ਹੈ। ਨਾਕਿਆਂ ਤੇ ਵੀਡਿਓਗ੍ਰਾਫੀ, ਐਲਕੋਮੀਟਰ, ਈ-ਚਲਾਨ ਮਸ਼ੀਨਾਂ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਰਾਬ ਪੀ ਕੇ ਗੱਡੀਆ ਚਲਾਉਣ ਵਾਲੇ ਅਤੇ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਸ਼ਾਂਤਮਈ ਜਸ਼ਨਾਂ ਵਿੱਚ ਕੋਈ ਵਿਘਨ ਨਾ ਪਵੇ। ਇਸ ਤੋਂ ਇਲਾਵਾ ਪੁਲਿਸ ਕਰਮਚਾਰੀਆਂ ਵਲੋਂ ਨਾਕਿਆ ਦੌਰਾਨ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਰਿਫਲੈਕਟਰ ਜੈਕਟਾਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।

ਉਨ੍ਹਾਂ ਨੇ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਸਾਲ ਦੇ ਸ਼ੁਭ ਦਿਹਾੜੇ ਤੇ ਮਿਤੀ 31.12.2023/01.01.2024 ਦੀ ਦਰਮਿਆਨੀ ਰਾਤ ਹੋਟਲ, ਕਲੱਬ, ਸ਼ਾਪਿੰਗ ਮਾਲ, ਬਾਜਾਰ ਆਦਿ ਬੰਦ ਕਰਨ ਦਾ ਸਮਾਂ 01.00 ਵਜੇ ਤੱਕ ਦਾ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਪਬਲਿਕ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਸ਼ਾਂਤਮਈ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।

Exit mobile version