ਲੁਧਿਆਣਾ ਟੈਂਡਰ ਘੁਟਾਲੇ

ਲੁਧਿਆਣਾ ਟੈਂਡਰ ਘੁਟਾਲੇ ਮਾਮਲੇ ‘ਚ ਅਦਾਲਤ ਨੇ ਦੋਵੇਂ ਖ਼ੁਰਾਕ ਤੇ ਸਪਲਾਈ ਕੰਟਰੋਲਰਾਂ ਨੂੰ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਚੰਡੀਗੜ੍ਹ 23 ਨਵੰਬਰ 2022: ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿਚ ਹੋਏ ਟੈਂਡਰ ਘੁਟਾਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਦੋ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰਾਂ (ਡੀ.ਐਫ਼.ਐਸ.ਸੀ.) ਸੁਖਵਿੰਦਰ ਸਿੰਘ ਗਿੱਲ ਅਤੇ ਹਰਵੀਨ ਕੌਰ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।

ਬੀਤੇ ਦਿਨ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੁਕੱਦਮੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਕ੍ਰਿਸ਼ਨ ਲਾਲ ਧੋਤੀਵਾਲਾ ਅਤੇ ਅਨਿਲ ਜੈਨ (ਦੋਵੇਂ ਆੜਤੀਏ) ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਨਿਆਂਇਕ ਹਿਰਾਸਤ ਵਿੱਚ ਹਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਅਤੇ ਕ੍ਰਿਸ਼ਨ ਲਾਲ ਵਿਰੁੱਧ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਤਫਤੀਸ਼ ਅਨੁਸਾਰ ਸੁਖਵਿੰਦਰ ਸਿੰਘ ਡੀਐਫਐਸਸੀ ਨੇ 2 ਲੱਖ ਰੁਪਏ ਅਤੇ ਇੱਕ ਆਈਫੋਨ ਰਿਸ਼ਵਤ ਵਜੋਂ ਲਿਆ ਸੀ ਅਤੇ ਹਰਵੀਨ ਕੌਰ ਡੀਐਫਐਸਸੀ ਨੇ ਮੁਲਜ਼ਮ ਤੇਲੂ ਰਾਮ ਠੇਕੇਦਾਰ ਤੋਂ ਠੇਕੇਦਾਰਾਂ/ਟੈਂਡਰਰਾਂ ਦਾ ਪੱਖ ਪੂਰਨ ਲਈ 3 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ। ਬਿਉਰੋ ਵੱਲੋਂ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ |

Scroll to Top