Kot Khalsa

ਕੋਟ ਖਾਲਸਾ ਇਲਾਕੇ ‘ਚ ਕੌਂਸਲਰ ‘ਤੇ ਨਸ਼ਾ ਵੇਚਣ ਤੇ ਗਰੀਬਾਂ ਨਾਲ ਧੱਕੇਸ਼ਾਹੀ ਕਰਨ ਦੇ ਲੱਗੇ ਦੋਸ਼

ਅੰਮ੍ਰਿਤਸਰ 04 ਅਕਤੂਬਰ 2022: ਪੰਜਾਬ ਵਿੱਚ ਅਕਸਰ ਹੀ ਨਸ਼ੇ ਨਾਲ ਸੰਬੰਧਿਤ ਕਈ ਵਾਇਰਲ ਵੀਡੀਓ ਸਾਹਮਣੇ ਆਉਂਦੀਆਂ ਹਨ, ਜਿਸ ਵਿਚ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਦਿਖਾਈ ਦਿੰਦੇ ਹਨ | ਦੂਜੇ ਪਾਸੇ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ (Kot Khalsa area) ਵਿਚ ਕੌਂਸਲਰ ਸੁਖਬੀਰ ਸਿੰਘ ਸੋਨੀ ਦੇ ਉੱਪਰ ਵੀ ਨਸ਼ਾ ਵੇਚਣ ਦੇ ਕਥਿਤ ਗੰਭੀਰ ਇਲਜ਼ਾਮ ਲੱਗੇ ਹਨ |

ਦੱਸਿਆ ਜਾ ਰਿਹਾ ਹੈ ਕਿ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਕੌਂਸਲਰ ਸੁਖਬੀਰ ਸਿੰਘ ਸੋਨੀ ਕਿਸੇ ਗ਼ਰੀਬ ਵਿਅਕਤੀ ਦੇ ਨਾਲ ਧੱਕੇਸ਼ਾਹੀ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਰੋਸ ਵਜੋਂ ਅੱਜ ਇਲਾਕਾ ਵਾਸੀਆਂ ਵੱਲੋਂ ਪੂਰਾ ਕੋਟ ਖਾਲਸਾ ਇਲਾਕੇ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਇਹ ਰੋਸ ਮਾਰਚ ਬਾਅਦ ਵਿਚ ਅੰਮ੍ਰਿਤਸਰ ਕੋਟ ਖਾਲਸਾ ਪੁਲਿਸ ਚੌਕੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ |

ਇਸ ਸਾਰੇ ਮਾਮਲੇ ‘ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸਰਬਜੀਤ ਸਿੰਘ ਹੈਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਪੰਦਰਾਂ ਦਿਨ ਪਹਿਲਾਂ ਕੋਟ ਖਾਲਸਾ ਇਲਾਕੇ ਦੇ ਵਿੱਚ ਕੌਂਸਲਰ ਸੁਖਬੀਰ ਸਿੰਘ ਸੋਨੀ ਵੱਲੋਂ ਗ਼ਰੀਬ ਵਿਅਕਤੀ ਨਾਲ ਧੱਕੇਸ਼ਾਹੀ ਕੀਤੀ ਗਈ ਸੀ, ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਪਰ ਪੁਲਿਸ ਵਲੋਂ ਕੌਂਸਲਰ ਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੀ ਉਨ੍ਹਾਂ ਕਿਹਾ ਕਿ ਇਹ ਕੌਂਸਲਰ ਅਤੇ ਇਸਦੇ ਪਰਿਵਾਰਕ ਮੈਂਬਰ ‘ਤੇ ਵੀ ਇਲਾਕੇ ਵਿੱਚ ਨਸ਼ਾ ਵੇਚਣ ਦੇ ਕਥਿਤ ਦੋਸ਼ ਲਾਏ ਹਨ | ਉਨ੍ਹਾਂ ਕਿਹਾ ਕਿ ਪੁਲਿਸ ਇਨ੍ਹਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੀ | ਜਿਸ ਕਰਕੇ ਅੱਜ ਰੋਸ ਵਜੋਂ ਉਨ੍ਹਾਂ ਵੱਲੋਂ ਇਲਾਕੇ ਵਿੱਚ ਰੋਸ ਮਾਰਚ ਕੱਢਦੇ ਹੋਏ ਥਾਣੇ ਦੇ ਬਾਹਰ ਆ ਕੇ ਪ੍ਰਦਰਸ਼ਨ ਕੀਤਾ ਗਿਆ ਹੈ |

ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਾਡੇ ਤੇ ਮਾਮਲਾ ਦਰਜ ਕਰਨ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ ਲੇਕਿਨ ਅਸੀਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਅਗਰ ਪੁਲਿਸ ਨੇ ਚਾਰ ਦਿਨਾਂ ਦੇ ਵਿੱਚ ਕਾਰਵਾਈ ਨਾ ਕੀਤੀ ਤਾਂ 8 ਅਕਤੂਬਰ ਨੂੰ ਵੱਡੇ ਪੱਧਰ ਤੇ ਕੋਟ ਖਾਲਸਾ ਪੁਲਿਸ ਚੌਕੀ ਦਾ ਘਿਰਾਓ ਵੀ ਕੀਤਾ ਜਾਵੇਗਾ

ਦੂਜੇ ਪਾਸੇ ਜਦੋਂ ਇਸ ਸਾਰੇ ਮਾਮਲੇ ‘ਤੇ ਕੋਟ ਖਾਲਸਾ ਥਾਣਾ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪ੍ਰਦਰਸ਼ਨ ਨਹੀਂ ਕੀਤਾ ਗਿਆ ਇਕ ਅਵੇਅਰਨੈੱਸ ਪ੍ਰੋਗਰਾਮ ਇਲਾਕੇ ਵਿੱਚ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਤੇ ਸੀਆਈਏ ਸਟਾਫ ਅਤੇ ਪੁਲਿਸ ਅਧਿਕਾਰੀ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਵੀ ਰਹੇ ਹਨ |

ਇਸ ਦੇ ਨਾਲ ਹੀ ਬੋਲਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਫੈਲ ਚੁੱਕਾ ਹੈ ਇਸ ਨੂੰ ਰੋਕਣ ਲਈ ਥੋੜ੍ਹਾ ਸਮਾਂ ਤਾਂ ਜ਼ਰੂਰ ਲੱਗੇਗਾ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਜੋ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਕੌਂਸਲਰ ਸੁਖਬੀਰ ਸਿੰਘ ਸੋਨੀ ਵੱਲੋਂ ਕਿਸੇ ਵਿਅਕਤੀ ਨਾਲ ਧੱਕੇਸ਼ਾਹੀ ਕਰਨ ਦੀ ਗੱਲ ਕੀਤੀ ਜਾ ਰਹੀ ਉਹ ਸਿਰਫ਼ ਤੇ ਸਿਰਫ਼ ਇੱਕ ਰਾਜਨੀਤਕ ਸਟੰਟ ਹੈ ਅਤੇ ਰਾਜਨੀਤਿਕ ਖ਼ਾਤਰ ਕੌਂਸਲਰ ਨੂੰ ਬਦਨਾਮ ਕਰਨ ਦੀ ਸਾਜ਼ਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਗਰ ਕੋਈ ਵਿਅਕਤੀ ਸਾਨੂੰ ਇਸ ਮਾਮਲੇ ‘ਚ ਸਟੇਟਮੈਂਟ ਦਿੰਦਾ ਹੈ ਤਾਂ ਫਿਰ ਕਾਨੂੰਨ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ |

Scroll to Top