ਚੰਡੀਗੜ੍ਹ,10 ਅਪ੍ਰੈਲ 2023: ਸੋਮਵਾਰ ਨੂੰ ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਯਾਤਰੀ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਦਿੱਲੀ ਹਵਾਈ ਅੱਡੇ (Delhi airport) ‘ਤੇ ਵਾਪਸ ਪਰਤ ਗਿਆ, ਜਿੱਥੇ ਯਾਤਰੀ ਨੂੰ ਉਡਾਣ ਤੋਂ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦੀ ਫਲਾਈਟ ਏ.ਆਈ.111, ਜਿਸ ‘ਚ ਕਰੀਬ 225 ਯਾਤਰੀ ਸਵਾਰ ਸਨ, ਜਿਸ ਵਿੱਚ ਇਕ ਵਿਅਕਤੀ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਚਾਲਕ ਦਲ ਨੇ ਉਸ ਨੂੰ ਏਅਰਪੋਰਟ ‘ਤੇ ਉਤਾਰਿਆ ਅਤੇ ਫਲਾਈਟ ਦੁਬਾਰਾ ਲੰਡਨ ਦੇ ਹੀਥਰੋ ਏਅਰਪੋਰਟ ਲਈ ਰਵਾਨਾ ਹੋ ਗਈ।
ਏਅਰ ਇੰਡੀਆ ਦਾ ਬਿਆਨ
ਏਅਰ ਇੰਡੀਆ ਨੇ ਵੀ ਇਸ ਮਾਮਲੇ ‘ਚ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦਿੱਲੀ-ਲੰਡਨ ਫਲਾਈਟ ਟੇਕ-ਆਫ ਤੋਂ ਥੋੜ੍ਹੀ ਦੇਰ ਬਾਅਦ ਵਾਪਸ ਆ ਗਈ। ਇੱਕ ਯਾਤਰੀ ਨੇ ਇਸ ਵਿੱਚ ਹੰਗਾਮਾ ਕਰ ਦਿੱਤਾ ਸੀ । ਉਕਤ ਵਿਅਕਤੀ ਨੇ ਜ਼ੁਬਾਨੀ ਅਤੇ ਲਿਖਤੀ ਚਿਤਾਵਨੀਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਅਤੇ ਹੰਗਾਮਾ ਜਾਰੀ ਰੱਖਿਆ। ਉਸ ਦੀ ਕੈਬਿਨ ਕਰੂ ਮੈਂਬਰਾਂ ਨਾਲ ਹੱਥੋਂਪਾਈ ਹੋ ਗਈ, ਜਿਸ ਵਿਚ ਦੋ ਜਣੇ ਜ਼ਖਮੀ ਹੋ ਗਏ। ਜਹਾਜ਼ ਨੂੰ ਬਾਅਦ ਵਿੱਚ ਦਿੱਲੀ ਵਾਪਸ ਭੇਜ ਦਿੱਤਾ ਗਿਆ ਅਤੇ ਲੈਂਡਿੰਗ ਤੋਂ ਬਾਅਦ ਵਿਅਕਤੀ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਉਕਤ ਵਿਅਕਤੀ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ।