ਚੰਡੀਗੜ੍ਹ 13 ਫਰਵਰੀ 2022: ਨਿਊਜ਼ੀਲੈਂਡ ( New Zealand) ਨੇ ਭਾਰਤ ਨੂੰ ਬੀਤੇ ਦਿਨ ਖੇਡੇ ਗਏ ਪਹਿਲੇ ਮਹਿਲਾ ਵਨਡੇ 62 ਦੌੜਾਂ ਨਾਲ ਮਾਤ ਦੇ ਦਿੱਤੀ । ਮੈਚ ‘ਚ ਕਪਤਾਨ ਮਿਤਾਲੀ ਰਾਜ ਦੇ ਅਰਧ ਸੈਂਕੜੇ ਤੋਂ ਇਲਾਵਾ, ਭਾਰਤੀ ਬੱਲੇਬਾਜ਼ ਇਕ ਵਾਰ ਫਿਰ ਅਸਫਲ ਰਹੇ | ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਲਈ ਸੂਜ਼ੀ ਬੇਟਸ ਨੇ 111 ਗੇਂਦਾਂ ਵਿੱਚ 106 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਨਿਊਜ਼ੀਲੈਂਡ ( New Zealand) ਟੀਮ ਨੇ 275 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ 49.4 ਓਵਰਾਂ ‘ਚ 213 ਦੌੜਾਂ ‘ਤੇ ਆਊਟ ਹੋ ਗਈ।
ਆਪਣਾ 221ਵਾਂ ਵਨਡੇ ਖੇਡ ਰਹੀ 39 ਸਾਲਾ ਮਿਤਾਲੀ ਨੇ ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰੱਖੀ ਅਤੇ ਪਿਛਲੀਆਂ 11 ਪਾਰੀਆਂ ‘ਚ ਆਪਣਾ 7ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 73 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ। ਭਾਰਤੀ ਮਹਿਲਾ ਟੀਮ ਨੇ 265 ਦੌੜਾਂ ਦੇ ਸਭ ਤੋਂ ਵੱਡੇ ਟੀਚੇ ਨੂੰ ਹਾਸਲ ਕਰਕੇ ਪਿਛਲੇ ਸਾਲ ਸਤੰਬਰ ‘ਚ ਆਸਟਰੇਲੀਆ ਖ਼ਿਲਾਫ਼ ਆਖਰੀ ਵਨਡੇ ਜਿੱਤਿਆ ਸੀ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਆਸਟ੍ਰੇਲੀਆ ਦੀ 26 ਮੈਚਾਂ ਦੀ ਜਿੱਤ ਦਾ ਸਿਲਸਿਲਾ ਵੀ ਤੋੜ ਦਿੱਤਾ।