Site icon TheUnmute.com

ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ‘ਚ ਤਿੰਨ ਕਰੋੜ ਨਵੇਂ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ

Union Cabinet

ਚੰਡੀਗੜ੍ਹ, 10 ਜੂਨ 2024: ਮੋਦੀ ਸਰਕਾਰ ਦੀ ਪਹਿਲੀ ਮੰਤਰੀ ਮੰਡਲ ਮੰਡਲ (Union Cabinet) ਦੀ ਬੈਠਕ ਦੌਰਾਨ ਆਵਾਸ ਯੋਜਨਾ ਨਾਲ ਜੁੜਿਆ ਵੱਡਾ ਐਲਾਨ ਕੀਤਾ ਗਿਆ ਹੈ। ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhan Mantri Awas Yojana) ਤਹਿਤ ਤਿੰਨ ਕਰੋੜ ਨਵੇਂ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੋਜਨਾ ਦੇ ਤਹਿਤ ਬਣੇ ਸਾਰੇ ਘਰਾਂ ਵਿੱਚ ਐਲਪੀਜੀ ਅਤੇ ਬਿਜਲੀ ਕੁਨੈਕਸ਼ਨ ਹੋਣਗੇ। ਇਹ ਘਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬਣਾਏ ਜਾਣਗੇ।

ਕੇਂਦਰੀ ਮੰਤਰੀ ਮੰਡਲ ਦੀ ਅੱਜ ਹੋਈ ਬੈਠਕ ਵਿੱਚ ਪ੍ਰਧਾਨ ਮੰਤਰੀ ਆਵਾਸ ਤਹਿਤ ਤਿੰਨ ਕਰੋੜ ਵਾਧੂ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਯੋਗ ਪਰਿਵਾਰਾਂ ਦੀ ਗਿਣਤੀ ਵਿੱਚ ਵਾਧੇ ਤੋਂ ਪੈਦਾ ਹੋਣ ਵਾਲੀਆਂ ਰਿਹਾਇਸ਼ੀ ਲੋੜਾਂ ਨੂੰ ਪੂਰਾ ਕਰੇਗਾ।

ਭਾਰਤ ਸਰਕਾਰ 2015-16 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲਾਗੂ ਕਰ ਰਹੀ ਹੈ ਤਾਂ ਜੋ ਯੋਗ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਵਾਲੇ ਮਕਾਨ ਬਣਾਉਣ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। PMAY ਦੇ ਤਹਿਤ, ਪਿਛਲੇ 10 ਸਾਲਾਂ ਵਿੱਚ ਆਵਾਸ ਯੋਜਨਾਵਾਂ ਦੇ ਤਹਿਤ ਯੋਗ ਗਰੀਬ ਪਰਿਵਾਰਾਂ ਲਈ ਕੁੱਲ 4.21 ਕਰੋੜ ਘਰ ਬਣਾਏ ਗਏ |

PMAY ਦੇ ਅਧੀਨ ਬਣਾਏ ਗਏ ਸਾਰੇ ਘਰਾਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਹੋਰ ਯੋਜਨਾਵਾਂ ਦੀ ਮੱਦਦ ਨਾਲ ਹੋਰ ਬੁਨਿਆਦੀ ਸਹੂਲਤਾਂ ਜਿਵੇਂ ਕਿ ਘਰੇਲੂ ਟਾਇਲਟ, ਐਲਪੀਜੀ ਕੁਨੈਕਸ਼ਨ, ਬਿਜਲੀ ਕੁਨੈਕਸ਼ਨ, ਕਾਰਜਸ਼ੀਲ ਘਰੇਲੂ ਟੂਟੀ ਕੁਨੈਕਸ਼ਨ ਆਦਿ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਮੰਤਰੀ ਮੰਡਲ ਬੈਠਕ ਦੀ ਸ਼ੁਰੂਆਤ ਹੋਈ। ਪ੍ਰਧਾਨ ਮੰਤਰੀ ਨਿਵਾਸ ‘ਤੇ ਹੋਈ ਇਸ ਬੈਠਕ ‘ਚ ਅਮਿਤ ਸ਼ਾਹ, ਰਾਜਨਾਥ ਸਿੰਘ, ਸ਼ਿਵਰਾਜ ਸਿੰਘ ਚੌਹਾਨ ਅਤੇ ਐਚਡੀ ਕੁਮਾਰਸਵਾਮੀ ਸਮੇਤ ਸਾਰੇ ਕੇਂਦਰੀ ਕੈਬਨਿਟ ਮੰਤਰੀ ਮੌਜੂਦ ਸਨ।

ਮੰਤਰੀ ਮੰਡਲ (Union Cabinet) ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੀਐੱਮਓ ‘ਚ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਗਲੋਬਲ ਮਾਪਦੰਡਾਂ ਤੋਂ ਪਰੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਲੈ ਕੇ ਜਾਣਾ ਹੈ ਜਿੱਥੇ ਕੋਈ ਨਹੀਂ ਪਹੁੰਚਿਆ।

ਇਸ ਦੌਰਾਨ ਮੋਦੀ ਸਰਕਾਰ ਦੇ ਨਵੇਂ ਨਿਯੁਕਤ ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਸਸਪੈਂਸ ਅਜੇ ਵੀ ਬਰਕਰਾਰ ਹੈ। ਮੰਤਰੀ ਮੰਡਲ ਦੀ ਪਹਿਲੀ ਬੈਠਕ ਤੋਂ ਬਾਅਦ ਦੇਰ ਸ਼ਾਮ ਤੱਕ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਸਬੰਧੀ ਕੋਈ ਐਲਾਨ ਹੋਣ ਦੀ ਸੰਭਾਵਨਾ ਹੈ।

Exit mobile version