ਵੋ ਖ਼ਤ ਜੋ ਤੁਮਨੇ ਕਭੀ ਲਿਖੇ ਹੀ ਨਹੀਂ,
ਮੈਂ ਰੋਜ਼ ਬੈਠਕਰ ਉਸਕਾ ਜਵਾਬ ਲਿਖਤਾਂ ਹੂੰ।”
ਕਹਿੰਦੇ ਨੇ ਬੋਲਦੇ ਹੋਏ ਅਸੀਂ ਇੰਨਾ ਡੂੰਘਾ ਨਹੀਂ ਉੱਤਰ ਸਕਦੇ ਜਿਨ੍ਹਾਂ ਲਿਖਦੇ ਹੋਏ ਉੱਤਰ ਜਾਂਦੇ ਹਾਂ।ਇਸੇ ਲਈ ਪੁਰਾਣੇ ਸਮਿਆਂ ਵਿੱਚ ਲੋਕ ਇੱਕ ਦੂਜੇ ਤੱਕ ਆਪਣਾ ਸੁਨੇਹਾ ਪਹੁੰਚਾਉਣ ਲਈ ਚਿੱਠੀਆਂ -ਪੱਤਰਾਂ ਦਾ ਸਹਾਰਾ ਲਿਆ ਕਰਦੇ ਸਨ। ਅੱਜ ਇਸ ਮੋਬਾਇਲ,ਈ-ਮੇਲ ਅਤੇ ਕੋਰੀਅਰ ਦੇ ਯੁੱਗ ‘ਚ ਭਾਵੇਂ ਨੌਜਵਾਨ ਪੀੜੀ ਲਈ ਲਾਲ ਰੰਗ ਦੇ ਬਕਸੇ ਦਾ ਕੋਈ ਮਹੱਤਵ ਨਹੀਂ ਰਿਹਾ ਪਰ ਫਿਰ ਵੀ ਚਿੱਠੀਆਂ ਦਾ ਇਹ ਸਿਲਸਿਲਾ ਕਦੇ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦਾ। ਕਿਉਂਕਿ ਇਹ ਸਾਡੇ ਦੇਸ਼ ਦੀ ਵਿਰਾਸਤ ਹੈ।
ਜੇ ਗੱਲ ਕਰੀਏ ਭਾਰਤੀ ਡਾਕ ਦੇ ਸਫ਼ਰ ਦੀ ਤਾਂ ਇਹ ਸੈਂਕੜੇ ਸਾਲਾਂ ਦੇ ਸਫ਼ਰ ਦਾ ਨਤੀਜਾ ਹੈ। ਅੰਗਰੇਜ਼ਾਂ ਨੇ ਅੱਜ ਤੋਂ ਲੱਗਭਗ ਡੇਢ ਸੌ ਸਾਲ ਪਹਿਲਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਆਪਣੇ ਤਰੀਕੇ ਨਾਲ ਚੱਲ ਰਹੀ ਡਾਕ ਵਿਵਸਥਾ ਨੂੰ ਇੱਕ ਸੂਤਰ ‘ਚ ਪਿਰੋਕੇ ਜੋ ਪਹਿਲ ਕੀਤੀ ,ਉਸਨੇ ਭਾਰਤੀ ਡਾਕ ਨੂੰ ਇੱਕ ਵੱਖਰਾ ਰੂਪ ਤੇ ਰੰਗ ਦਿੱਤਾ। ਪਰ ਉਸ ਸਮੇਂ ਦੀ ਡਾਕ ਪ੍ਰਣਾਲੀ ਬ੍ਰਿਟਿਸ਼ ਸਰਕਾਰ ਦੇ ਵਪਾਰਕ ਹਿੱਤਾਂ ਤੇ ਮਿਲਟਰੀ ਤੱਕ ਹੀ ਸੀਮਤ ਸੀ। ਭਾਰਤ ਦੀ ਅਜ਼ਾਦੀ ਤੋਂ ਬਾਅਦ ਡਾਕ ਪ੍ਰਣਾਲੀ ਦੀਆਂ ਸੇਵਾਵਾਂ ‘ਚ ਆਮ ਆਦਮੀ ਨੂੰ ਵੀ ਸ਼ਾਮਿਲ ਕਰ ਦਿੱਤਾ ਗਿਆ। ਅਜੋਕੇ ਸਮੇਂ ‘ਚ ਭਾਰਤ ਚ ਡਾਕਘਰਾਂ ਦਾ ਬਹੁਤ ਵੱਡਾ ਜਾਲ ਹੈ। ਪੂਰੇ ਦੇਸ਼ ‘ਚ 1,55,204 ਡਾਕਘਰ ਹਨ ,ਜਿਨ੍ਹਾਂ ਵਿੱਚੋਂ 1,25,489 ਡਾਕਘਰ ਪੇਂਡੂ ਇਲਾਕੇ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇੰਨਾ ਹੀ ਨਹੀਂ 89 ਫ਼ੀਸਦੀ ਲੋਕਾਂ ਨੂੰ ਰੋਜ਼ਗਾਰ ਦੇਣ ਤੋਂ ਇਲਾਵਾ ਭਾਰਤੀ ਡਾਕਘਰ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰ ਰਹੇ ਹਨ।
ਭਾਰਤੀ ਡਾਕ ਦਾ ਇਤਿਹਾਸ
ਉਂਝ ਤਾਂ ਸਾਡੇ ਦੇਸ਼ ਵਿੱਚ ਪਹਿਲਾ ਡਾਕਘਰ ਮੁੰਬਈ ਵਿਖੇ ਸਾਲ 1764 ‘ਚ ਈਸਟ ਇੰਡੀਆ ਕੰਪਨੀ ਦੁਆਰਾ ਕਾਇਮ ਕੀਤਾ ਗਿਆ ਸੀ।ਪਰ ਅਧਿਕਾਰਕ ਤੌਰ ਤੇ ਇਸ ਦੀ ਸਥਾਪਨਾ ਪਹਿਲੀ ਅਕਤੂਬਰ 1854 ਨੂੰ ਕੀਤੀ ਗਈ ਸੀ। ਪਹਿਲੀ ਡਾਕ ਮੋਹਰ 21 ਨਵੰਬਰ 1947 ਨੂੰ ਲਾਗੂ ਕੀਤੀ ਗਈ ਸੀ। ਜਿਸ ਉੱਪਰ ਉਸ ਸਮੇਂ ਰਾਸ਼ਟਰੀ ਝੰਡੇ ਦੀ ਫੋਟੋ ਲਗਾਈ ਗਈ ਸੀ। ਗਾਂਧੀ ਜੀ ਪਹਿਲੇ ਵਿਅਕਤੀ ਰਹੇ ਹਨ ਜਿਨ੍ਹਾਂ ਦੀ ਫੋਟੋ ਡਾਕ ਮੋਹਰ ਉੱਪਰ ਲਗਾਈ ਗਈ ਸੀ।
ਪਿਨਕੋਡ ਕੀ ਹੈ ?
ਭਾਰਤ ‘ਚ ਪਿਨਕੋਡ ਸਿਸਟਮ 15 ਅਗਸਤ 1947 ਨੂੰ ਲਾਗੂ ਕੀਤਾ ਗਿਆ ਸੀ।ਪਿਨ/Pin (ਪੋਸਟਲ ਇੰਡੈਕਸ ਨੰਬਰ) ਛੇ ਅੰਕਾਂ ਦਾ ਡਾਕ ਕੋਡ ਹੈ। ਜੋ ਕਿ ਚਿੱਠੀਆਂ ਦੇ ਅਦਾਨ-ਪ੍ਰਦਾਨ ਲਈ ਬਹੁਤ ਜ਼ਰੂਰੀ ਹੈ। ਹਰੇਕ ਕੋਡ ‘ਚ ਛੇ ਅੰਕ ਹੁੰਦੇ ਹਨ। ਜਿਸ ‘ਚ ਪਹਿਲਾ ਅੰਕ ਭਾਰਤੀ ਖੇਤਰ ਬਾਰੇ ,ਦੂਜਾ ਉਪ-ਖੇਤਰ, ਤੀਜਾ ਜ਼ਿਲ੍ਹਾ ਅਤੇ ਚੌਥਾ ਡਾਕ ਘਰ ਬਾਰੇ ਜਾਣਕਾਰੀ ਦਿੰਦਾ ਹੈ। ਭਾਰਤ ਵਿਚ ਕੁੱਲ 9 ਡਾਕ ਜ਼ੋਨ ਹਨ।
ਚਿੱਠੀਆਂ ਗੱਲਬਾਤ ਦਾ ਜ਼ਰੀਆ ਹੋਣ ਦੇ ਨਾਲ -ਨਾਲ ਹੱਦਾਂ-ਸਰਹੱਦਾਂ ਤੋਂ ਪਾਰ ਵਸਦੇ ਲੋਕਾਂ ਨਾਲ ਸਾਂਝ ਪਾਉਣ ਦਾ ਬਹੁਤ ਹੀ ਸੋਹਣਾ ਜ਼ਰੀਆ ਹੈ। ਮੈਨੂੰ ਅੱਜ ਵੀ ਯਾਦ ਨੇ ਮੇਰੇ ਬਚਪਨ ਦੇ ਉਹ ਦਿਨ ਜਦੋਂ ਮੇਰੇ ਦਾਦੀ ਜੀ ਮੇਰੇ ਸਕੂਲ ਤੋਂ ਵਾਪਸ ਪਰਤਣ ਦੀ ਉਡੀਕ ਬੇਸਬਰੀ ਨਾਲ ਕਰਿਆ ਕਰਦੇ ਸਨ। ਇਹ ਉਡੀਕ ਉਦੋਂ ਹੀ ਹੁੰਦੀ ਸੀ ਜਦੋਂ ਸਾਲ ਛਿਮਾਹੀ ਬਾਅਦ ਸਰਹੱਦੋਂ ਪਾਰ ਵਸਦੀ ਮੇਰੇ ਦਾਦੀ ਦੀ ਭੈਣ ਦੀ ਚਿੱਠੀ ਆਈ ਹੁੰਦੀ ਸੀ। ਮੇਰੇ ਦਾਦੀ ਜੀ ਬੇਚੈਨ ਰਹਿੰਦੇ ਸੀ ਪਾਕਿਸਤਾਨ ਤੋਂ ਆਈ ਉਸ ਚਿੱਠੀ ਨੂੰ ਪੜਾਉਣ ਲਈ ਜੋ 1947 ਦੀ ਤ੍ਰਾਸਦੀ ਵੇਲੇ ਵਿਛੜੀ ਉਸ ਭੈਣ ਵੱਲੋਂ ਭੇਜੀ ਹੁੰਦੀ ਸੀ। ਪੜ੍ਹਦੇ ਹੋਏ ਮੈਨੂੰ ਇੰਝ ਜਾਪਦਾ ਹੁੰਦਾ ਸੀ ਜਿਵੇਂ ਦੋਨੋਂ ਭੈਣਾਂ ਆਹਮੋ-ਸਾਹਮਣੇ ਬੈਠ ਗੱਲਾਂ ਕਰ ਰਹੀਆਂ ਹੋਣ।
ਗੱਲ ਜੇਕਰ ਹਿੰਦੀ ਸਿਨੇਮਾ ਦੀ ਕਰੀਏ ਤਾਂ ਬਹੁਤ ਸਾਰੀਆਂ ਫ਼ਿਲਮਾਂ ‘ਚ ਖ਼ਤਾਂ ਦੀ ਅਹਿਮੀਅਤ ਨੂੰ ਖੂਬਸੂਰਤ ਤਰੀਕੇ ਦੇ ਨਾਲ ਵਿਖਾਇਆ ਗਿਆ ਹੈ। ਬਹੁਤ ਸਾਰੇ ਗੀਤ ਹਨ ਜੋ ਜ਼ਿੰਦਗੀ ‘ਚ ਚਿੱਠੀਆਂ ਦੀ ਖੂਬਸੂਰਤੀ ਨੂੰ ਬਿਆਨ ਕਰਦੇ ਹਨ ਜਿਵੇਂ ਫਿਲਮ ਕੰਨਿਆਦਾਨ ‘ਚ ਮੁਹੰਮਦ ਰਫੀ ਸਾਹਬ ਦਾ ਗਾਇਆ ਖੂਬਸੂਰਤ ਗਾਣਾ ,”ਲਿਖੇ ਜੋ ਖ਼ਤ ਤੁਝੇ ,ਵੋ ਤੇਰੀ ਯਾਦ ਮੈਂ ਹਜ਼ਾਰੋਂ ਰੰਗ ਕੇ ਫੂਲ ਬਣ ਗਏ।” ਫਿਲਮ “ਬਾਰਡਰ” ਇਹਨਾਂ ਚਿੱਠੀਆਂ ਦੀ ਅਹਿਮੀਅਤ ਬਹੁਤ ਸੋਹਣੇ ਅੰਦਾਜ਼ ਚ ਪੇਸ਼ ਕਰਦੀ ਹੈ ਕਿ ਕਿਸ ਤਰ੍ਹਾਂ ਸਰਹੱਦ ਤੇ ਰਾਖੀ ਕਰਦਾ ਇੱਕ ਜਵਾਨ ਆਪਣੇ ਪਰਿਵਾਰ ਦੀ ਸੁੱਖ-ਸਾਂਦ ਜਾਨਣ ਲਈ ਤਾਂਘ ਰੱਖਦਾ ਹੈ। ਇਸੇ ਅਹਿਸਾਸ ਨੂੰ ਲੈਕੇ ਫਿਲਮਾਇਆ ਗਾਣਾ ,”ਸੰਦੇਸ਼ੇ ਆਤੇ ਹੈਂ,ਮੁਝੇ ਤੜਪਾਤੇ ਹੈਂ” ਅੱਜ ਦੇ ਦੌਰ ਚ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।ਪ੍ਰਦੇਸਾਂ ਚ ਵਸਦੇ ਪੁੱਤ ਦੁਆਰਾ ਮਾਂ ਨੂੰ ਭੇਜੀ ਚਿੱਠੀ ,ਪ੍ਰੇਮੀ ਲਈ ਪ੍ਰੇਮਿਕਾ ਦੀ ਚਿੱਠੀ ਬੇਰੰਗ ਜ਼ਿੰਦਗੀ ‘ਚ ਤਾਜ਼ਾ ਰੂਹ ਭਰਦੀ ਹੈ।
ਰਿਸ਼ਤਿਆਂ ‘ਚ ਰੂਹ ਤੇ ਮਨੁੱਖਤਾ ਨੂੰ ਹੁੰਗਾਰਾ ਦਿੰਦੀ ਇੱਕ ਚਿੱਠੀ ਅਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਆਪਣੀ ਧੀ ਇੰਦਰਾ ਨੂੰ ਲਿਖੀ ਗਈ ਸੀ।ਨਹਿਰੂ ਜੀ ਨੇ ਸਾਲ 1928 ‘ਚ ਜੇਲ ਵਿੱਚੋ ਇਹ ਚਿੱਠੀ ਲਿਖੀ ਸੀ ,ਉਦੋਂ ਇੰਦਰਾ ਗਾਂਧੀ ਦੀ ਉਮਰ ਸਿਰਫ 10 ਸਾਲ ਸੀ। ਇਸ ਚਿੱਠੀ ਵਿੱਚ ਉਹਨਾਂ ਆਪਣੀ ਧੀ ਇੰਦਰਾ ਨੂੰ ਦੁਨੀਆਂ ‘ਚ ਵਿਚਰਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜਕੇ ਚੱਲਣ ਦੀ ਸਲਾਹ ਦਿੰਦਿਆਂ ਆਪਣੇ ਮੂਲ ਨੂੰ ਪਛਾਣਨ ਦੀ ਗੱਲ ਵੀ ਆਖੀ।
ਸਾਲ 2016 ‘ਚ ਬਾਲੀਵੁੱਡ ਸਟਾਰ ਅਮਿਤਾਭ ਬਚਨ ਨੇ ਆਪਣੀ ਪੋਤਰੀ ਅਰਾਧਿਆ ਨੂੰ ਇੱਕ ਚਿੱਠੀ ਲਿਖੀ ਜੋ ਸੋਸ਼ਲ ਮੀਡਿਆ ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਔਰਤਾਂ ਦੀ ਅਜੋਕੀ ਸਥਿਤੀ ਨੂੰ ਵੇਖਦੇ ਹੋਏ ਆਪਣੀ ਪੋਤਰੀ ਨੂੰ ਆਪਣੇ ਖੰਭਾਂ ਦੁਆਰਾ ਉਡਾਰੀ ਭਰਨ ਤੋਂ ਇਲਾਵਾ ਆਪਣੇ ਫੈਸਲੇ ਖੁਦ ਲੈਣ ਦੀ ਗੱਲ ਸਮਝਾਉਂਦਿਆਂ ਬਾਕੀ ਕੁੜੀਆਂ ਨੂੰ ਵੀ ਆਪਣੇ ਹੱਕ ਪਛਾਨਣ ਦਾ ਹੌਸਲਾ ਦਿੱਤਾ।
ਦੁੱਖ ਹੋਵੇ ਭਾਵੇ ਸੁੱਖ ਹਰ ਭਾਵ ਨੂੰ ਚਿੱਠੀ ਦੁਆਰਾ ਪੇਸ਼ ਕਰਨਾ ਬਹੁਤ ਹੀ ਪਿਆਰਾ ਜ਼ਰੀਆ ਹੈ। ਪਰ ਅੱਜ ਸ਼ਾਇਦ ਇਸਦਾ ਰੁਝਾਨ ਘਟ ਰਿਹਾ ਹੈ। ਪਰ ਫਿਰ ਵੀ ਹਰ ਸਾਲ 59 ਮਿਲੀਅਨ ਲੋਕ ਇਸਦੀ ਵਰਤੋਂ ਕਰਦੇ ਹਨ। ਜੋ ਕਿ ਪਿਛਲੇ ਦਹਾਕੇ ਵਿੱਚ ਇੱਕੀ ਫ਼ੀਸਦੀ ਕਮੀ ਆਈ ਹੈ। ਪਰ ਦਿਲ ਕਰਦਾ ਹੈ ਮੁੜ ਤੋਂ ਇਹਨਾਂ ਵਿਸਰੀਆਂ ਯਾਦਾਂ ਨੂੰ ਸਮੇਟਿਆ ਜਾਵੇ ਪਰ ਮੁਕਾਬਲੇ ਅਤੇ ਤੇਜ਼ੀ ਦੇ ਇਸ ਦੌਰ ‘ਚ ਸ਼ਾਇਦ ਹੀ ਕਹਿਣਾ ਸਹੀ ਹੋਵੇਗਾ |