ਲੁਧਿਆਣਾ 02 ਦਸੰਬਰ 2022: ਥਾਣਾ ਸਾਹਨੇਵਾਲ ਅਧੀਨ ਪੈਂਦੇ ਕੰਗਨਵਾਲ ਇਲਾਕੇ ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਮੋਟਰਸਾਈਕਲ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਿੰਨ ਲੁਟੇਰਿਆਂ ਨੇ ਬਾਈਕ ਸਵਾਰ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਧਮਕੀ ਦਿੱਤੀ ਅਤੇ ਬਾਈਕ ਲੈ ਕੇ ਫ਼ਰਾਰ ਹੋ ਗਏ। ਇਹ ਘਟਨਾ 30 ਨਵੰਬਰ ਨੂੰ ਬਾਅਦ ਦੁਪਹਿਰ ਕਰੀਬ 3.30 ਵਜੇ ਵਾਪਰੀ। ਲੁੱਟ ਦੀ ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ। ਪੁਲਿਸ ਨੇ ਪਿੰਡ ਕੰਗਨਵਾਲ ਵਾਸੀ ਸਰਬਜੀਤ ਸਿੰਘ ਦੀ ਸ਼ਿਕਾਇਤ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ। 30 ਨਵੰਬਰ ਨੂੰ ਉਹ ਆਪਣੀ ਸਪਲੈਂਡਰ ਬਾਈਕ ‘ਤੇ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ। ਜਿਵੇਂ ਹੀ ਉਹ ਕੰਗਨਵਾਲ ਸਥਿਤ ਫੈਕਟਰੀ ਨੇੜੇ ਪਹੁੰਚਿਆ। ਉੱਥੇ ਹੀ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ, ਉਨ੍ਹਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਧਮਕੀਆਂ ਦਿੱਤੀਆਂ ਅਤੇ ਬਾਈਕ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਉਕਤ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ |