Site icon TheUnmute.com

ਪੰਜਾਬ ‘ਚ 19 ਜ਼ਿਲ੍ਹਿਆਂ ਦੇ 1438 ਪਿੰਡ ਹੜ੍ਹ ਨਾਲ ਪ੍ਰਭਾਵਿਤ, 26482 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ

Health Department

ਚੰਡੀਗੜ੍ਹ, 19 ਜੁਲਾਈ 2023: ਹੜ੍ਹਾਂ (Flood) ਕਾਰਨ ਸੰਕਟ ਵਿੱਚ ਘਿਰੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਹਾਇਤਾ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਸੂਬੇ ਵਿੱਚ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਰਾਜ ਸਰਕਾਰ ਨੇ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਹੈ ਤਾਂ ਜੋ ਛੇਤੀ ਤੋਂ ਛੇਤੀ ਜਨ-ਜੀਵਨ ਮੁੜ ਲੀਹ ’ਤੇ ਲਿਆਂਦਾ ਜਾ ਸਕੇ।

ਸੂਬੇ ਵਿੱਚ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ , 26482 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ 19 ਜੁਲਾਈ ਨੂੰ ਸਵੇਰੇ 8 ਵਜੇ ਤੱਕ 1438 ਪਿੰਡ ਹੜ੍ਹ (Flood)  ਨਾਲ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਕੁੱਲ 155 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 4234 ਲੋਕ ਰਹਿ ਰਹੇ ਹਨ।

ਜ਼ਿਕਰਯੋਗ ਹੈ ਕਿ ਤਰਨਤਾਰਨ, ਫਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸ.ਏ.ਐਸ. ਨਗਰ, ਜਲੰਧਰ, ਸੰਗਰੂਰ, ਐਸ.ਬੀ.ਐਸ. ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ ਅਤੇ ਪਠਾਨਕੋਟ ਸਮੇਤ 19 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਮਾਲ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਵਿੱਚ ਹੜ੍ਹਾਂ ਕਾਰਨ ਕੁੱਲ 38 ਲੋਕਾਂ ਦੀ ਜਾਨ ਗਈ ਹੈ ਅਤੇ 15 ਜ਼ਖ਼ਮੀ ਹੋਏ ਹਨ ਜਦਕਿ 2 ਹਾਲੇ ਵੀ ਲਾਪਤਾ ਹਨ।

ਪਸ਼ੂ ਪਾਲਣ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੁੱਲ 2331 ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ 7940 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ। ਵਿਭਾਗ ਦੀਆਂ ਬਚਾਅ ਟੀਮਾਂ ਲੋੜਵੰਦ ਪਸ਼ੂਆਂ ਦੇ ਇਲਾਜ, ਫੀਡ ਸਪਲਾਈ, ਚਾਰਾ ਅਤੇ ਸਿਲੇਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਪ੍ਰਭਾਵਿਤ ਜ਼ਿਲ੍ਹਿਆਂ ਵਿਚ ਹੜ੍ਹ ਰਾਹਤ ਕੈਂਪ ਵੀ ਲਗਾਏ ਗਏ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਨਦੇਹੀ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਬੁਲਾਰੇ ਅਨੁਸਾਰ 465 ਰੈਪਿਡ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰਾਂ ਵਿੱਚ 263 ਮੈਡੀਕਲ ਕੈਂਪ ਲਗਾਏ ਹਨ ।

ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਡਰਾਈ ਫੂਡ ਦੇ ਪੈਕੇਟ ਵੰਡੇ ਜਾ ਰਹੇ ਹਨ। ਰੂਪਨਗਰ ਵਿੱਚ 22,641, ਪਟਿਆਲਾ ਵਿੱਚ 64,000 ਅਤੇ ਐਸ.ਏ.ਐਸ. ਨਗਰ ਵਿੱਚ 4400, ਐਸ.ਬੀ.ਐਸ. ਨਗਰ ਵਿੱਚ 5700 ਅਤੇ ਫ਼ਤਿਹਗੜ੍ਹ ਸਾਹਿਬ ਵਿੱਚ 2200 ਪੈਕੇਟ ਵੰਡੇ ਗਏ ਹਨ।

Exit mobile version