Amritpal Singh

ਮਹਿਲਾ ਵਕੀਲ ਦੇ ਘਰ NIA ਦੀ ਛਾਪੇਮਾਰੀ ਦੇ ਵਿਰੋਧ ‘ਚ ਵਕੀਲ ਅੱਜ ਵੀ ਹਾਈਕੋਰਟ ‘ਚ ਕੰਮ ਰੱਖਣਗੇ ਬੰਦ

ਚੰਡੀਗੜ੍ਹ 02 ਨਵੰਬਰ 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਅੱਜ ਵੀ ਕੰਮ ਬੰਦ ਰੱਖਣਗੇ । ਚੰਡੀਗੜ੍ਹ ਦੀ ਮਹਿਲਾ ਵਕੀਲ ਡਾ.ਸ਼ੈਲੀ ਸ਼ਰਮਾ ਦੇ ਸੈਕਟਰ 27 ਸਥਿਤ ਘਰ ਅਤੇ ਦਫ਼ਤਰ ਵਿੱਚ ਐਨਆਈਏ ਦੇ ਛਾਪੇਮਾਰੀ ਖ਼ਿਲਾਫ਼ ਵਕੀਲਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹਾਈਕੋਰਟ ਵਿੱਚ ਵਕੀਲਾਂ ਵਲੋਂ ਪਿਛਲੇ ਸੋਮਵਾਰ ਤੋਂ ਹੀ ਕੰਮ ਠੱਪ ਰਿਹਾ । ਇਸ ਦੇ ਨਾਲ ਹੀ ਜ਼ਿਲ੍ਹਾ ਅਦਾਲਤ ਦੇ ਵਕੀਲ ਵੀ ਇਸ ਛਾਪੇਮਾਰੀ ਦਾ ਵਿਰੋਧ ਕਰ ਰਹੇ ਹਨ । ਸੋਮਵਾਰ ਨੂੰ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਨੇ ਮੀਟਿੰਗ ਕਰਕੇ ਅਗਲੇ ਫੈਸਲੇ ਤੱਕ ਕੰਮ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੀਆਂ ਅਦਾਲਤਾਂ ਵਿੱਚ ਵਕੀਲਾਂ ਨੇ 18 ਅਕਤੂਬਰ ਨੂੰ ਇਸ ਛਾਪੇਮਾਰੀ ਖ਼ਿਲਾਫ਼ ਕੰਮਕਾਜ ਬੰਦ ਰੱਖਿਆ ਸੀ। ਹਾਈਕੋਰਟ ਬਾਰ ਨੇ ਕਿਹਾ ਹੈ ਕਿ ਇਸ ਤਰ੍ਹਾਂ ਕਿਸੇ ਏਜੰਸੀ ਵੱਲੋਂ ਵਕੀਲ ਦੇ ਕੰਮ ਵਿੱਚ ਦਖ਼ਲ ਦੇਣਾ ਗ਼ਲਤ ਹੈ। ਇਹ ਐਡਵੋਕੇਟਸ ਐਕਟ, 1961 ਅਤੇ ਐਵੀਡੈਂਸ ਐਕਟ ਦੇ ਵੀ ਵਿਰੁੱਧ ਹੈ।

18 ਅਕਤੂਬਰ ਨੂੰ ਸਵੇਰੇ 6 ਵਜੇ ਐਡਵੋਕੇਟ ਡਾ. ਸ਼ੈਲੀ ਸ਼ਰਮਾ ਦੇ ਘਰ ਇਹ ਛਾਪਾ ਮਾਰਿਆ ਗਿਆ | ਐਨਆਈਏ ਨੇ ਉਸ ਦੇ ਦੋ ਮੋਬਾਈਲ ਫੋਨ, ਲੈਪਟਾਪ ਅਤੇ ਕੰਪਿਊਟਰ ਦੀ ਤਲਾਸ਼ੀ ਲਈ ਅਤੇ ਕੁਝ ਦਸਤਾਵੇਜ਼ ਵੀ ਜਬਤ ਕੀਤੇ ਸਨ । ਸ਼ੈਲੀ ਸ਼ਰਮਾ ਤੋਂ ਕਰੀਬ ਸਾਢੇ 3 ਘੰਟੇ ਪੁੱਛਗਿੱਛ ਕੀਤੀ ਗਈ ਸੀ । ਜਾਣਕਾਰੀ ਅਨੁਸਾਰ ਸ਼ੈਲੀ ਸ਼ਰਮਾ 2 ਦਰਜਨ ਤੋਂ ਵੱਧ ਗੈਂਗਸਟਰਾਂ ਦੇ ਕੇਸਾਂ ਵਿੱਚ ਅਦਾਲਤ ਵਿੱਚ ਪੈਰਵੀ ਕਰ ਰਹੀ ਹੈ। ਇਨ੍ਹਾਂ ਵਿੱਚ ਏ+ ਸ਼੍ਰੇਣੀ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ।

 

Scroll to Top