July 4, 2024 9:31 pm
ਕਿਸਾਨ

ਕਰਨਾਟਕਾ ‘ਚ ਕਿਸਾਨਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਕਿਸਾਨਾਂ ਨੇ ਪੰਜਾਬ ‘ਚ ਫਿਰ ਕਰਵਾਏ ਟੌਲ ਪਲਾਜ਼ੇ ਬੰਦ

ਅੰਮ੍ਰਿਤਸਰ 26 ਸਤੰਬਰ 2022: ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਅਜੇ ਕਰਨਾਟਕਾ ਦੇ ਵਿਧਾਨ ਸਭਾ ਵਿਖੇ ਜਾ ਕੇ ਰਾਜਪਾਲ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਸਨ, ਇਸ ਦੌਰਾਨ ਕਰਨਾਟਕ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ | ਇਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ‘ਤੇ ਪੰਜਾਬ ਦੇ ਵੱਖ ਵੱਖ ਟੋਲ ਪਲਾਜ਼ਿਆਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕਰਵਾਇਆ ਜਾ ਰਿਹਾ ਹੈ|

ਅੰਮ੍ਰਿਤਸਰ ਮਾਨਾਂਵਾਲ ਟੋਲ ਪਲਾਜੇ ਤੇ ਭਾਰਤੀ ਕਿਸਾਨ ਯੂਨੀਅਨ ਸਿਰਸਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਪਹੁੰਚ ਕੇ ਟੌਲ ਪਲਾਜ਼ੇ ਬੰਦ ਕਰਵਾਏਗੀ ਅਤੇ ਪ੍ਰਾਈਵੇਟ ਵ੍ਹੀਕਲਾਂ ਨੂੰ ਨਿਕਲਣ ਦਾ ਰਸਤਾ ਦਿੱਤਾ ਗਿਆ ਹੈ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਤਾਬ ਸਿੰਘ ਸਿਰਸਾ ਨੇ ਕਿਹਾ ਕਿ ਕਰਨਾਟਕਾ ਦੇ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਗ੍ਰਿਫ਼ਤਾਰੀ ਦੇ ਰੋਸ ਵਜੋਂ ਅੱਜ ਟੌਲ ਪਲਾਜ਼ੇ ਬੰਦ ਕਰਵਾਏ ਗਏ ਹਨ |

ਉਨ੍ਹਾਂ ਨੇ ਕਿਹਾ ਕਿ ਜੇਕਰ ਕਰਨਾਟਕ ਸਰਕਾਰ ਵੱਲੋਂ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਟੋਲ ਪਲਾਜ਼ਿਆਂ ‘ਤੇ ਪੱਕੇ ਮੋਰਚੇ ਵੀ ਲੱਗ ਸਕਦੇ ਹਨ | ਉਨ੍ਹਾਂ ਕਿਹਾ ਕਿ ਅੱਜ ਰਾਤ ਤੱਕ ਜੇਕਰ ਕਿਸਾਨ ਆਗੂਆਂ ਨੂੰ ਨਹੀਂ ਛੱਡਿਆ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਜਿਸ ਤਰੀਕੇ ਦੀ ਵੀ ਕੋਲ ਆਏਗੀ ਉਸ ਤਰੀਕੇ ਨਾਲ ਹੀ ਅੱਗੋਂ ਸੰਘਰਸ਼ ਕੀਤਾ ਜਾਵੇਗਾ |

ਜ਼ਿਕਰਯੋਗ ਹੈ ਕਿ ਜਦੋਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਸਨ ਉਦੋਂ ਵੀ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ੇ ਬੰਦ ਕੀਤੇ ਗਏ ਸਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਪਲਾਜਾ ਦੇ ਪੱਕੇ ਮੋਰਚੇ ਵੀ ਲਗਾਏ ਹੋਏ ਸਨ ਅਤੇ ਹੁਣ ਇੱਕ ਵਾਰ ਫੇਰ ਕਰਨਾਟਕਾ ਦੇ ਵਿੱਚ ਕਿਸਾਨਾਂ ਦੀ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰ ਫਿਰ ਤੋਂ ਟੌਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਟੋਲ ਪਲਾਜ਼ਾ ਤੇ ਕਦੋਂ ਤੱਕ ਬੰਦ ਰਹਿਣਗੇ |