ਅੰਮ੍ਰਿਤਸਰ/ਜਲੰਧਰ 26 ਅਕਤੂਬਰ 2022: ਦੀਵਾਲੀ ਦੇ ਤਿਉਹਾਰ ਦੇ ਚੱਲਦੇ ਇਸ ਵਾਰ ਪੰਜਾਬ ਵਿਚ ਹਵਾ ਦੀ ਗੁਣਵਤਾ ਵਿੱਚ ਸੁਧਾਰ ਹੋਇਆ ਹੈ | ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਮੁਤਾਬਕ ਪਿਛਲੇ ਸਾਲ ਪੰਜਾਬ ਦੇ ਕਈ ਸ਼ਹਿਰ ਕਾਫੀ ਪ੍ਰਦੂਸ਼ਿਤ ਸਨ | ਇਸਦੇ ਨਾਲ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਨੇ ਦੱਸਿਆ ਕਿ 10 ਤਾਰੀਖ਼ ਨੂੰ ਹਦਾਇਤ ਜਾਰੀ ਕੀਤੀ ਗਈ ਸੀ ਕਿ ਦੀਵਾਲੀ ਮੌਕੇ ਗਰੀਨ ਪਟਾਕਿਆਂ ਦਾ ਇਸਤਮਾਲ ਕੀਤਾ ਜਾਵੇ ਅਤੇ ਇਸ ਵਾਰ ਪਟਾਕੇ ਚਲਾਉਣ ਲਈ ਸਮਾਂ-ਸੀਮਾ ਤੈਅ ਕੀਤੀ ਗਈ ਸੀ |
ਇਸਦੇ ਨਾਲ ਹੀ ਬਹੁਤ ਹੱਦ ਤੱਕ ਪੰਜਾਬ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਸਵੀਕਾਰ ਕੀਤਾ, ਉੱਥੇ ਹੀ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਦੇ 6 ਸ਼ਹਿਰ ਅੰਮ੍ਰਿਤਸਰ ,ਜਲੰਧਰ, ਲੁਧਿਆਣਾ, ਪਟਿਆਲਾ, ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿਖੇ ਇਸ ਵਾਰ ਏਅਰ ਕੁਵਾਲਟੀ ਪਹਿਲਾ ਨਾਲੋਂ ਕਾਫੀ ਵਧੀਆ ਰਹੀ ਹੈ। ਪਿਛਲੀ ਵਾਰ ਪੰਜਾਬ ਦੇ 2 ਸ਼ਹਿਰ ਕਾਫੀ ਪ੍ਰਦੂਸ਼ਿਤ ਸਨ | ਲੇਕਿਨ ਇਸ ਵਾਰ ਇਕ ਵੀ ਸ਼ਹਿਰ ਪ੍ਰਦੂਸ਼ਿਤ ਨਹੀਂ ਹੈ, ਇਹ ਸਰਕਾਰ ਦੀਆਂ ਹਦਾਇਤਾਂ ਦਾ ਹੀ ਨਤੀਜਾ ਹੈ |
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਾਲੋਂ 16 ਫ਼ੀਸਦੀ ਪ੍ਰਦੂਸ਼ਣ ਇਸ ਵਾਰ ਘਟਿਆ ਹੈ। ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਲੈ ਕੇ ਚੇਅਰਮੈਨ ਨੇ ਕਿਹਾ ਕਿ ਅਸੀਂ ਇਸ ਵਾਰ ਕਿਸਾਨਾਂ ਨੂੰ ਮਸ਼ੀਨਾਂ ਵੀ ਦਿੱਤੀਆਂ ਹਨ, ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਰਾਲੀ ਨੂੰ ਜ਼ਮੀਨ ਦੇ ਵਿੱਚ ਹੀ ਰਲਾਉਣ ਤਾਂ ਜੋ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਬਾਲਣ ਵਜੋਂ ਇਸਤਮਾਲ ਕਰਨ ਦਾ ਫਾਰਮੂਲਾ ਵੀ ਵਧੀਆ ਹੈ, ਜਿਸ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ।