Site icon TheUnmute.com

ਕਰਨਾਟਕ ‘ਚ ਕਿਸਾਨ ਬੀਬੀ ਦੇ ਖੇਤ ‘ਚੋਂ 2.5 ਲੱਖ ਦੇ ਟਮਾਟਰ ਚੋਰੀ, ਪੁਲਿਸ ਵੱਲੋਂ ਮਾਮਲਾ ਦਰਜ

Tomatoes

ਚੰਡੀਗੜ੍ਹ, 06 ਜੁਲਾਈ 2023: ਕਰਨਾਟਕ ‘ਚ ਇਕ ਬੀਬੀ ਦੇ ਖੇਤ ‘ਚੋਂ 2.5 ਲੱਖ ਰੁਪਏ ਦੇ ਟਮਾਟਰ (Tomatoes) ਚੋਰੀ ਹੋ ਗਏ। ਚੋਰ 4 ਜੁਲਾਈ ਦੀ ਰਾਤ ਨੂੰ ਹਸਨ ਜ਼ਿਲ੍ਹੇ ਦੇ ਪਿੰਡ ਗੋਨੀ ਸੋਮਨਹੱਲੀ ਪਹੁੰਚੇ ਅਤੇ ਖੇਤ ਵਿੱਚੋਂ 50-60 ਬੋਰੀਆਂ ਟਮਾਟਰ ਲੈ ਕੇ ਫ਼ਰਾਰ ਹੋ ਗਏ। ਕਿਸਾਨ ਬੀਬੀ ਧਾਰੀਣੀ ਦੀ ਸ਼ਿਕਾਇਤ ‘ਤੇ ਥਾਣਾ ਹਲੇਬੀਦੂ ‘ਚ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਧਾਰੀਣੀ ਨੇ ਦੱਸਿਆ ਕਿ ਇਹ ਚੋਰੀ ਉਸ ਸਮੇਂ ਹੋਈ ਜਦੋਂ ਟਮਾਟਰ ਦੀ ਕੀਮਤ 120 ਰੁਪਏ ਪ੍ਰਤੀ ਕਿਲੋ ਤੋਂ ਉਪਰ ਸੀ ਅਤੇ ਫਸਲ ਦੀ ਕਟਾਈ ਕਰ ਕੇ ਬੈਂਗਲੁਰੂ ਦੀ ਮੰਡੀ ਵਿੱਚ ਲਿਜਾਣ ਦੀ ਤਿਆਰੀ ਕਰ ਰਹੀ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਸੇਮ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਟਮਾਟਰ (Tomatoes) ਉਗਾਉਣ ਲਈ ਕਰਜ਼ਾ ਲਿਆ ਸੀ। ਇਤਫ਼ਾਕ ਨਾਲ ਫ਼ਸਲ ਚੰਗੀ ਸੀ, ਭਾਅ ਵੀ ਉੱਚੇ ਸਨ।

ਪੁਲਿਸ ਨੇ ਕਿਹਾ ਕਿ ਅਸੀਂ ਸੁਪਾਰੀ ਅਤੇ ਹੋਰ ਵਪਾਰਕ ਫਸਲਾਂ ਦੀ ਚੋਰੀ ਬਾਰੇ ਸੁਣਿਆ ਸੀ, ਪਰ ਕਦੇ ਨਹੀਂ ਸੁਣਿਆ ਕਿ ਕਿਸੇ ਨੇ ਟਮਾਟਰ ਚੋਰੀ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਸਾਡੇ ਥਾਣੇ ਵਿੱਚ ਅਜਿਹਾ ਮਾਮਲਾ ਦਰਜ ਹੋਇਆ ਹੈ। ਧਾਰੀਨੀ ਦੇ ਪੁੱਤਰ ਨੇ ਵੀ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਅਸਲ ਵਿੱਚ ਧਾਰੀਣੀ ਨੇ ਆਪਣੇ ਪਰਿਵਾਰ ਨਾਲ ਦੋ ਏਕੜ ਜ਼ਮੀਨ ਵਿੱਚ ਟਮਾਟਰ ਉਗਾਏ ਸਨ। ਹੋਰਨਾਂ ਸੂਬਿਆਂ ਵਾਂਗ ਕਰਨਾਟਕ ਵਿੱਚ ਵੀ ਪਿਛਲੇ ਸਮੇਂ ਦੌਰਾਨ ਟਮਾਟਰ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵਧੀਆਂ ਹਨ। ਬੰਗਲੌਰ ਵਿੱਚ ਟਮਾਟਰ ਦੀ ਕੀਮਤ 101 ਰੁਪਏ ਤੋਂ 121 ਰੁਪਏ ਪ੍ਰਤੀ ਕਿਲੋ ਹੈ।

Exit mobile version