ਚੰਡੀਗੜ੍ਹ, 13 ਅਕਤੂਬਰ 2023: ਭਾਰਤੀ ਫੌਜ ਦੇ ਵਿੱਚ ਜੰਮੂ ਕਸ਼ਮੀਰ ਦੇ ਪੁੰਚ ਇਲਾਕੇ ਚੋਂ ਤਾਇਨਾਤ ਮਾਨਸਾ ਜ਼ਿਲ੍ਹੇ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ, ਜਿਸ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਵਿੱਚ ਜ਼ਿਲਾ ਪ੍ਰਸ਼ਾਸਨ ਵੱਲੋਂ ਸਰਕਾਰੀ ਰਸਮਾਂ ਦੇ ਨਾਲ ਸਸਕਾਰ ਕਰ ਦਿੱਤਾ ਗਿਆ ਹੈ | ਅੰਮ੍ਰਿਤਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੂੰ ਸਲਾਮੀ ਦਿੱਤੀ ਗਈ।
ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਅਗਨੀਵੀਰ ਅੰਮ੍ਰਿਤਪਾਲ ਸਿੰਘ ਜੋ ਭਾਰਤੀ ਫੌਜ ਦੇ ਵਿੱਚ ਜੰਮੂ ਕਸ਼ਮੀਰ ਵਿਖੇ ਤਾਇਨਾਤ ਸੀ ਜੋ ਗੋਲੀ ਲੱਗਣ ਦੇ ਕਾਰਨ ਸ਼ਹੀਦ ਹੋ ਗਿਆ । ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਭਾਰਤੀ ਫੌਜ ਦੇ ਵਿੱਚ ਦਸੰਬਰ ਮਹੀਨੇ ਭਰਤੀ ਹੋਇਆ ਸੀ ਅਤੇ ਟ੍ਰੇਨਿੰਗ ਤੋਂ ਬਾਅਦ ਘਰ ਆਇਆ ਸੀ ਜੋ ਇਕ ਮਹੀਨਾ ਪਹਿਲਾਂ ਹੀ ਜੰਮੂ ਕਸ਼ਮੀਰ ਵਿਖੇ ਡਿਊਟੀ ਦੇ ਲਈ ਚਲਾ ਗਿਆ ਸੀ ਜਿੱਥੇ ਉਹ ਸ਼ਹੀਦ ਹੋ ਗਿਆ ਹੈ |
ਉਹਨਾਂ ਕਿਹਾ ਕਿ ਮੈਨੂੰ ਮੇਰੇ ਪੁੱਤ ‘ਤੇ ਮਾਣ ਹੈ ਜੋ ਦੇਸ਼ ਦੇ ਲਈ ਸ਼ਹੀਦ ਹੋਇਆ ਹੈ | ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੀ ਮੰਗਣੀ ਹੋਈ ਸੀ ਅਤੇ ਹੁਣ 24 ਅਕਤੂਬਰ ਨੂੰ ਉਸਨੇ ਘਰ ਆਉਣ ਦੇ ਲਈ ਛੁੱਟੀ ਕਟਵਾ ਲਈ ਸੀ ਕਿਉਂਕਿ ਉਸ ਦੀ ਚਚੇਰੀ ਭੈਣ ਦਾ ਵਿਆਹ ਸੀ ਅਤੇ ਇਸ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਸਨੇ ਛੁੱਟੀ ਲਈ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ |
ਅੱਜ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਘਰ ਪਹੁੰਚੀ ਹੈ। ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਪਹਿਲਾਂ ਹੀ ਬਹੁਤ ਗਰੀਬੀ ਦੇ ਵਿੱਚੋਂ ਉੱਠਿਆ ਸੀ ਅਤੇ ਅੰਮ੍ਰਿਤਪਾਲ ਦੇ ਫੌਜ ਵਿੱਚ ਭਰਤੀ ਹੋਣ ਦੇ ਨਾਲ ਪਰਿਵਾਰ ਨੂੰ ਆਸ ਬੱਜੀ ਸੀ ਕਿ ਸ਼ਾਇਦ ਹੁਣ ਕੁਝ ਹਲਾਤ ਠੀਕ ਹੋ ਜਾਣਗੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ | ਉਹਨਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹੁੰਚੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਟਲੀ ਕਲਾਂ ਦਾ ਅੰਮ੍ਰਿਤਪਾਲ ਸਿੰਘ ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਜੰਮੂ ਕਸ਼ਮੀਰ ਵਿਖੇ ਸ਼ਹੀਦ ਹੋ ਗਿਆ ਹੈ ਅਤੇ ਅੱਜ ਉਸ ਦਾ ਸਰਕਾਰੀ ਸਨਮਾਨ ਦੇ ਅਨੁਸਾਰ ਸਸਕਾਰ ਕੀਤਾ ਗਿਆ ਹੈ, ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਸਮਾਂ ਨਿਭਾਈਆਂ ਹਨ।