ਚੰਡੀਗੜ੍ਹ 04 ਅਕਤੂਬਰ 2022: ਜੰਮੂ-ਕਸ਼ਮੀਰ ‘ਚ ਸੋਮਵਾਰ ਦੇਰ ਰਾਤ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਜੇਲ੍ਹ) ਹੇਮੰਤ ਲੋਹੀਆ (DG Prisons Hemant Lohia) ਦਾ ਉਨ੍ਹਾਂ ਦੇ ਘਰ ਵਿੱਚ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਉਸ ਦਾ ਗਲਾ ਵੱਢਣ ਸਮੇਤ ਸਰੀਰ ‘ਤੇ ਕਈ ਥਾਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਦੇ ਨਿਸ਼ਾਨ ਸਨ। ਪੇਟ ‘ਤੇ ਵੀ ਸੱਟਾਂ ਦੇ ਨਿਸ਼ਾਨ ਮਿਲੇ ਹਨ | ਦੱਸਿਆ ਰਿਹਾ ਹੈ ਕਿ ਕਾਤਲ ਨੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਹੈ |
ਅੱਤਵਾਦੀ ਸੰਗਠਨ ਪੀਏਐਫਐਫ (Peoples Anti Fascist Force) ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਸਬੰਧੀ ਇੱਕ ਕਥਿਤ ਪੱਤਰ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ PAFF ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਹੈ।
ਇਸ ਕਤਲ ਦੀ ਵਾਰਦਾਤ ਤੋਂ ਬਾਅਦ ਹੇਮੰਤ ਲੋਹੀਆ (Hemant Lohia) ਦਾ ਘਰੇਲੂ ਨੌਕਰ ਵੀ ਫਰਾਰ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੰਮੂ ਖੇਤਰ) ਮੁਕੇਸ਼ ਸਿੰਘ ਨੇ ਦੱਸਿਆ ਕਿ ਘਰੇਲੂ ਸਹਾਇਕ ਘਟਨਾ ਤੋਂ ਬਾਅਦ ਤੋਂ ਫਰਾਰ ਹੈ।
ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਡੀਜੀਪੀ ਤੋਂ ਹੇਮੰਤ ਲੋਹੀਆ ਕਤਲ ਮਾਮਲੇ ਦੀ ਪੂਰੀ ਰਿਪੋਰਟ ਲਈ। ਇਸ ਦੇ ਨਾਲ ਹੀ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੇ ਨਿਰਦੇਸ਼ ਦਿੱਤੇ ਹਨ।